ਨਵੀਂ ਦਿੱਲੀ, ਰਾਜੀਵ ਸ਼ਰਮਾ :- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਆਉਂਦੀ 25 ਅਤੇ 26 ਫਰਵਰੀ ਨੂੰ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਆ ਰਹੇ ਹਨ। ਇਸ ਦੌਰੇ ਦੌਰਾਨ ਉਹ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਸੰਗਠਨ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣਗੇ।
ਆਪਣੀ ਫੇਰੀ ਦੇ ਪਹਿਲੇ ਪੜਾਅ ਵਿੱਚ ਮੋਹਨ ਭਾਗਵਤ ਸਰਹੱਦੀ ਜ਼ਿਲ੍ਹੇ ਪਠਾਨਕੋਟ 25 ਫਰਵਰੀ ਨੂੰ ਪਹੁੰਚਣਗੇ। ਇੱਥੇ ਉਹ ਦੇਸ਼ ਦੀ ਸੁਰੱਖਿਆ ਅਤੇ ਸਮਾਜਿਕ ਮੁੱਦਿਆਂ ‘ਤੇ ਸਾਬਕਾ ਫੌਜੀ ਅਧਿਕਾਰੀਆਂ ਦੇ ਇੱਕ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਨਗੇ।
ਉਸੇ ਦਿਨ ਸ਼ਾਮ ਨੂੰ ਉਹ ਪਠਾਨਕੋਟ ਵਿੱਚ ਨੌਜਵਾਨਾਂ ਦੇ ਇੱਕ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਨੌਜਵਾਨ ਪੀੜ੍ਹੀ ਨੂੰ ਰਾਸ਼ਟਰ ਨਿਰਮਾਣ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਬਾਰੇ ਪ੍ਰੇਰਿਤ ਕਰਨਗੇ।
ਦੌਰੇ ਦੇ ਦੂਜੇ ਦਿਨ ਉਹ ਸਨਅਤੀ ਸ਼ਹਿਰ ਲੁਧਿਆਣਾ 26 ਫਰਵਰੀ ਨੂੰ ਪਹੁੰਚਣਗੇ। ਇੱਥੇ ਇੱਕ ਪ੍ਰਮੁੱਖ ‘ਨਾਗਰਿਕ ਸੰਮੇਲਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ, ਵਪਾਰੀ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰ ਹਿੱਸਾ ਲੈਣਗੇ।
ਆਰ.ਐੱਸ.ਐੱਸ. ਮੁਖੀ ਦੇ ਦੌਰੇ ਨੂੰ ਮੁੱਖ ਰੱਖਦਿਆਂ ਪਠਾਨਕੋਟ ਅਤੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਪ੍ਰੋਗਰਾਮ ਵਾਲੀਆਂ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
