ਬਠਿੰਡਾ DC ਦਫ਼ਤਰ ਵੱਲ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਟਿੱਪਰ ਖੜੇ ਕਰਕੇ ਰਸਤਾ ਕੀਤਾ ਬੰਦ!

ਬਠਿੰਡਾ, ਗੁਰਪ੍ਰੀਤ ਸਿੰਘ :- ਸਮਾਣਾ ਤੋਂ ਬਠਿੰਡਾ ਡੀਸੀ ਦਫ਼ਤਰ ਵੱਲ ਧਰਨਾ ਦੇਣ ਜਾ ਰਹੇ ਕਿਸਾਨਾਂ ‘ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ ਕਿਸਾਨਾਂ ਨੂੰ ਸਮਾਣਾ–ਭਵਾਨੀਗੜ੍ਹ ਰੋਡ ‘ਤੇ ਪਿੰਡ ਗਾਜੇਵਾਸ ਦੇ ਅੱਡੇ ਨੇੜੇ ਹੀ ਰੋਕ ਲਿਆ ਗਿਆ। ਪੁਲਿਸ ਨੇ ਮਿੱਟੀ ਨਾਲ ਭਰੇ ਟਿੱਪਰ ਟਰੱਕ ਸੜਕ ‘ਤੇ ਖੜੇ ਕਰਕੇ ਰਸਤਾ ਬੰਦ ਕਰ ਦਿੱਤਾ। ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਇਆ ਜਾਣਾ ਸੀ।

ਦੱਸਿਆ ਜਾ ਰਿਹਾ ਹੈ ਕਿ ਕਿਸਾਨ, ਜੋ ਕਿ ਉਗਰਾਹਾ ਗਰੁੱਪ ਦੇ ਵਰਕਰ ਸਨ, ਪਹਿਲਾਂ ਪਿੰਡ ਦੇ ਗੁਰਦੁਆਰੇ ਵਿੱਚ ਇਕੱਠੇ ਹੋਏ ਸਨ। ਇਸ ਦੌਰਾਨ ਪੁਲਿਸ ਨਾਲ ਥੋੜ੍ਹੀ ਖਿੱਚਤਾਣ ਵੀ ਹੋਈ। ਬਾਅਦ ਵਿੱਚ ਜਦੋਂ ਕਿਸਾਨ ਸੜਕ ‘ਤੇ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਟਿੱਪਰ ਟਰੱਕ ਲਾ ਕੇ ਰਸਤਾ ਬੰਦ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਬਠਿੰਡਾ ਡੀਸੀ ਦਫ਼ਤਰ ਅੱਗੇ ਧਰਨਾ ਦੇਣ ਜਾ ਰਹੇ ਸਨ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ।

ਕਿਸਾਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਘੇਰਿਆ ਅਤੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉੱਧਰ, ਸੜਕ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੰਗਰੂਰ, ਪਾਤੜਾਂ, ਕੈਥਲ ਤੇ ਕੁਰੂਕਸ਼ੇਤਰ ਵੱਲ ਜਾਣ ਵਾਲੇ ਯਾਤਰੀਆਂ ਨੂੰ ਲੰਮਾ ਜਾਮ ਝੇਲਣਾ ਪਿਆ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਦਿੱਕਤ ਆਈ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀ ਮੰਗ ਪੂਰੀ ਹੋਣ ਤੱਕ ਸ਼ਾਂਤੀਪੂਰਨ ਅੰਦੋਲਨ ਜਾਰੀ ਰੱਖਣਗੇ।

By Gurpreet Singh

Leave a Reply

Your email address will not be published. Required fields are marked *