ਸ਼ੀਤਲ ਅੰਗੂਰਾਲ ਨੇ ਘੇਰੀ ‘ਆਪ’ ਸਰਕਾਰ, ਮੰਤਰੀ ਮੋਹਿੰਦਰ ਭਗਤ ‘ਤੇ ਲਾਏ ਸਰਕਾਰੀ ਜ਼ਮੀਨ ਹੜੱਪਣ ਦੇ ਦੋਸ਼

ਜਲੰਧਰ  ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੇ ਜਲੰਧਰ ਪੱਛਮੀ ਹਲਕੇ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮੌਜੂਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਇਕ ਲਾਈਵ ਵੀਡੀਓ ਰਾਹੀਂ ਜਨਤਾ ਦੇ ਰੂ-ਬ-ਰੂ ਹੁੰਦੇ ਸ਼ੀਤਲ ਅੰਗੂਰਾਲ ਨੇ ਦੋਸ਼ ਲਾਇਆ ਕਿ ਜਲੰਧਰ ਵੈਸਟ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਸੱਤਾਧਾਰੀ ਧਿਰ ਦੇ ਚਹੇਤੇ ਸਰਕਾਰੀ ਜਾਇਦਾਦਾਂ ਨੂੰ ਲੁੱਟ ਰਹੇ ਹਨ।

PunjabKesari

ਭਾਰਗੋ ਨਗਰ ‘ਚ ਸਰਕਾਰੀ ਜ਼ਮੀਨ ‘ਤੇ ਕਬਜ਼ੇ ਦਾ ਮਾਮਲਾ 
ਸ਼ੀਤਲ ਅੰਗੂਰਾਲ ਨੇ ਵਿਸ਼ੇਸ਼ ਤੌਰ ‘ਤੇ ਭਾਰਗੋ ਨਗਰ ਥਾਣੇ ਦੇ ਪਿੱਛੇ ਸਥਿਤ ਸਰਕਾਰੀ ਜ਼ਮੀਨ ਦਾ ਮੁੱਦਾ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਮੰਤਰੀ ਦੇ ਕਥਿਤ ਇਸ਼ਾਰੇ ‘ਤੇ ਕੁਝ ਚਹੇਤੇ ਲੋਕਾਂ ਨੇ ਉੱਥੇ ਰਾਤੋ-ਰਾਤ ਚਾਦਰਾਂ ਅਤੇ ਸ਼ੈੱਡ ਪਾ ਕੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਜ਼ਮੀਨ ਹੈ, ਜਿੱਥੇ ਸਰਕਾਰ ਵੱਲੋਂ 74.22 ਲੱਖ ਰੁਪਏ ਦੀ ਲਾਗਤ ਨਾਲ ਇਕ ਪਾਰਕ ਬਣਾਉਣ ਦਾ ਟੈਂਡਰ (ਆਕਾਸ਼ ਐਂਡ ਕੰਪਨੀ ਨੂੰ) ਦਿੱਤਾ ਗਿਆ ਹੈ। ਉਨ੍ਹਾਂ ਨੇ 3 ਡੀ ਨਕਸ਼ੇ ਦਾ ਹਵਾਲਾ ਦਿੰਦੇ ਦਾਅਵਾ ਕੀਤਾ ਕਿ ਜਿਸ ਜਗ੍ਹਾ ‘ਤੇ ਕਬਜ਼ੇ ਕਰਵਾਏ ਗਏ ਹਨ, ਉਹ ਨਕਸ਼ੇ ਵਿੱਚ ਪਾਰਕ ਦਾ ਹਿੱਸਾ ਹੈ।

PunjabKesari

ਗ਼ਰੀਬਾਂ ਦੇ ਹੱਕਾਂ ਦੀ ਲੁੱਟ ਦਾ ਦੋਸ਼ 
ਸ਼ੀਤਲ ਅੰਗੂਰਾਲ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਸੀ ਕਿ ਇਸ ਜਗ੍ਹਾ ‘ਤੇ ਗ਼ਰੀਬਾਂ ਲਈ ਟੂ-ਬੈੱਡਰੂਮ ਫਲੈਟ ਬਣਾਏ ਜਾਣ ਤਾਂ ਜੋ ਕਿਰਾਏ ‘ਤੇ ਰਹਿ ਰਹੇ ਪਰਿਵਾਰਾਂ ਨੂੰ ਆਪਣੀ ਛੱਤ ਮਿਲ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲੇ ਪੰਜਾਬ’ ਦੇ ਉਸ ਵਾਅਦੇ ਦੀ ਯਾਦ ਦਿਵਾਈ ਜਿਸ ਵਿੱਚ 2027 ਤੱਕ ਹਰ ਕਿਸੇ ਨੂੰ ਛੱਤ ਦੇਣ ਦੀ ਗੱਲ ਕਹੀ ਗਈ ਸੀ। ਅੰਗੂਰਾਲ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਨੂੰ ਪਤਾ ਹੈ ਕਿ ਉਨ੍ਹਾਂ ਦੇ ਮੰਤਰੀ ਅਤੇ ਦਲਾਲ ਲੋਕਾਂ ਨੂੰ ਦੁਕਾਨਾਂ ਦੀ ਆਫ਼ਰ ਦੇ ਕੇ ਚੁੱਪ ਕਰਵਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜਿਹੀਆਂ ਆਡੀਓ ਰਿਕਾਰਡਿੰਗਾਂ ਵੀ ਹਨ ਜਿਨ੍ਹਾਂ ਵਿੱਚ ਦੁਕਾਨਾਂ ਦੇ ਲੈਣ-ਦੇਣ ਦੀ ਗੱਲ ਹੋ ਰਹੀ ਹੈ।

ਪ੍ਰਸ਼ਾਸਨ ਨੂੰ ਚਿਤਾਵਨੀ ਅਤੇ ਕਾਰਵਾਈ ਦੀ ਮੰਗ 
ਭਾਜਪਾ ਆਗੂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦਿੱਤਾ ਜਾਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਜਾਇਜ਼ ਕਬਜ਼ੇ ਨਾ ਹਟਾਏ ਗਏ ਅਤੇ ਪਾਰਕ ਦਾ ਟੈਂਡਰ ਕੈਂਸਲ ਕਰਕੇ ਉੱਥੇ ਗਰੀਬਾਂ ਲਈ ਮਕਾਨ ਨਾ ਬਣਾਏ ਗਏ, ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਸਬੰਧਤ ਅਧਿਕਾਰੀਆਂ ਤੇ ਠੇਕੇਦਾਰਾਂ ਖਿਲਾਫ ਕਾਰਵਾਈ ਕਰਵਾਉਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਜ਼ਮੀਨ ਹੜੱਪਣ ਦੇ ਦੋਸ਼ ਵਿੱਚ ਮੰਤਰੀ ਅਤੇ ਹੋਰਨਾਂ ਖ਼ਿਲਾਫ਼ ਐੱਫ਼. ਆਈ. ਆਰ ਦਰਜ ਹੋਣੀ ਚਾਹੀਦੀ ਹੈ।

By Gurpreet Singh

Leave a Reply

Your email address will not be published. Required fields are marked *