ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੋਹਾਲੀ ਵਿੱਚ ਨਾਬਾਰਡ ਦਾ ਸਟੇਟ ਫੋਕਸ ਪੇਪਰ ਜਾਰੀ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਗੁਰਪ੍ਰੀਤ ਸਿੰਘ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਮੋਹਾਲੀ ਵਿੱਚ ਆਯੋਜਿਤ ਸਟੇਟ ਕਰੈਡਿਟ ਸੈਮੀਨਾਰ ਦੌਰਾਨ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ (ਨਾਬਾਰਡ) ਵੱਲੋਂ ਤਿਆਰ ਕੀਤਾ ਗਿਆ ਸਟੇਟ ਫੋਕਸ ਪੇਪਰ 2026-27 ਜਾਰੀ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਪੰਜਾਬ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਨੂੰ ਗਤੀ ਦੇਣ ਵਿੱਚ ਨਾਬਾਰਡ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਨਾਬਾਰਡ ਵੱਲੋਂ ਖੇਤੀਬਾੜੀ, ਸਿੱਖਿਆ ਅਤੇ ਸਮਾਜਿਕ ਖੇਤਰਾਂ ਵਿੱਚ ਵਿਕਾਸ ਲਈ ਕਈ ਕਰਜ਼ਾ ਅਤੇ ਰਿਣ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਅੱਜ ਜਾਰੀ ਕੀਤੇ ਸਟੇਟ ਫੋਕਸ ਪੇਪਰ ਵਿੱਚ ਪੰਜਾਬ ਲਈ ਪ੍ਰਾਥਮਿਕਤਾ ਖੇਤਰ ਹੇਠ ਕੁੱਲ 3,08,66,614 ਲੱਖ ਰੁਪਏ ਦੀ ਕਰਜ਼ਾ ਸੰਭਾਵਨਾ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਵਿੱਚ ਫਾਰਮ ਕਰੈਡਿਟ, ਖੇਤੀਬਾੜੀ ਢਾਂਚਾਗਤ ਵਿਕਾਸ, ਸਹਾਇਕ ਗਤੀਵਿਧੀਆਂ, ਮਾਇਕ੍ਰੋ, ਸਮਾਲ ਅਤੇ ਮੀਡੀਅਮ ਉਦਯੋਗ, ਐਕਸਪੋਰਟ ਕਰੈਡਿਟ, ਸਿੱਖਿਆ, ਰਿਹਾਇਸ਼, ਸਮਾਜਿਕ ਢਾਂਚਾ, ਨਵੀਨੀਕਰਨਯੋਗ ਊਰਜਾ ਆਦਿ ਖੇਤਰ ਸ਼ਾਮਲ ਹਨ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਪਰ ਇਸ ਦੇ ਨਤੀਜੇ ਵਜੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਜ਼ਿਕਰਯੋਗ ਗਿਰਾਵਟ ਆਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 151 ਵਿੱਚੋਂ 117 ਬਲਾਕ ‘ਡਾਰਕ ਜ਼ੋਨ’ ਘੋਸ਼ਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਪੱਧਰ ਨੂੰ ਮੁੜ ਤੋਂ ਉੱਪਰ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਹਿਰੀ ਸਿੰਚਾਈ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਦੇ ਖਾਲੇ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨਾਬਾਰਡ ਨੂੰ ਅਪੀਲ ਕੀਤੀ ਕਿ ਫਸਲੀ ਵਿਭਿੰਨਤਾ (ਕ੍ਰਾਪ ਡਾਈਵਰਸੀਫਿਕੇਸ਼ਨ) ਦੇ ਯਤਨਾਂ ਵਿੱਚ ਰਾਜ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।

ਸੰਬੋਧਨ ਦੌਰਾਨ ਵਪਾਰੀਆਂ ਅਤੇ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਸੁਰੱਖਿਅਤ ਅਤੇ ਅਪਰਾਧ-ਮੁਕਤ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬੀਤੇ ਕਲ੍ਹ ਉੱਚ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਮੁਖੀਆਂ ਦੀ ਮੀਟਿੰਗ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਨਾਲ ਕੀਤੀ ਗਈ ਹੈ ਤਾਂ ਜੋ ਸਮਾਜ ਵਿਰੋਧੀ ਤੱਤਾਂ ਨੂੰ ਸਖ਼ਤ ਸੰਦੇਸ਼ ਦਿੱਤਾ ਜਾ ਸਕੇ ਅਤੇ ਵਪਾਰਕ ਮਾਹੌਲ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

ਸਮਾਗਮ ਦੌਰਾਨ ਮੰਚ ‘ਤੇ ਬੀ. ਰਮੇਸ਼ ਬਾਬੂ, ਚੀਫ਼ ਜਨਰਲ ਮੈਨੇਜਰ ਨਾਬਾਰਡ; ਰਿਤੂ ਅਗਰਵਾਲ, ਆਈ.ਏ.ਐਸ., ਸਕੱਤਰ ਸਹਿਕਾਰਤਾ ਪੰਜਾਬ; ਮਨੋਹਰ ਲਾਲ, ਜਨਰਲ ਮੈਨੇਜਰ ਨਾਬਾਰਡ; ਪੰਕਜ ਸੇਤੀਆ, ਜਨਰਲ ਮੈਨੇਜਰ ਆਰ.ਬੀ.ਆਈ. ਚੰਡੀਗੜ੍ਹ; ਜੀ.ਕੇ. ਨੇਗੀ, ਚੇਅਰਮੈਨ ਪੰਜਾਬ ਗ੍ਰਾਮੀਣ ਬੈਂਕ ਅਤੇ ਗੁਰਇਕਬਾਲ ਸਿੰਘ, ਜਨਰਲ ਮੈਨੇਜਰ ਅਤੇ ਓ.ਆਈ.ਸੀ. ਨਾਬਾਰਡ ਹਰਿਆਣਾ ਹਾਜ਼ਰ ਸਨ।

ਇਸ ਮੌਕੇ ਪ੍ਰਗਤੀਸ਼ੀਲ ਐੱਫ.ਪੀ.ਓਜ਼, ਸਵੈ ਸਹਾਇਤਾ ਸਮੂਹਾਂ ਅਤੇ ਡ੍ਰੈਗਨ ਫਰੂਟ ਉਤਪਾਦਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

By Gurpreet Singh

Leave a Reply

Your email address will not be published. Required fields are marked *