ਜਲੰਧਰ: ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਦੋਸ਼

ਜਲੰਧਰ- ਲਾਡੋਵਾਲੀ ਰੋਡ ਸਥਿਤ ਅਰਜੁਨ ਨਗਰ ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹੁਤਾ ਮਹਿਲਾ ਨੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮਹਿਲਾ ਸੋਸ਼ਲ ਮੀਡੀਆ ‘ਤੇ ਲਾਈਵ ਹੋਈ ਅਤੇ ਆਪਣੇ ਪਤੀ ਤੇ ਸਹੁਰੇ ਪਰਿਵਾਰ ‘ਤੇ ਪ੍ਰਤਾੜਨਾ ਦੇ ਗੰਭੀਰ ਦੋਸ਼ ਲਗਾਏ। ਮ੍ਰਿਤਕ ਦੀ ਪਛਾਣ ਪੂਜਾ ਵਜੋਂ ਹੋਈ ਹੈ।

ਮ੍ਰਿਤਕਾ ਦੇ ਪਿਤਾ ਰਮੇਸ਼ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਪੂਜਾ ਦਾ ਵਿਆਹ 18 ਅਪ੍ਰੈਲ 2024 ਨੂੰ ਅੰਮ੍ਰਿਤਸਰ ਦੇ ਰਮੇਸ਼ ਨਗਰ ਦੇ ਰਹਿਣ ਵਾਲੇ ਹਰੀਸ਼ ਨਾਲ ਕੀਤਾ ਸੀ, ਜੋ ਫੌਜ ਵਿੱਚ ਕਲਰਕ ਵਜੋਂ ਤਾਇਨਾਤ ਹੈ। ਪਿਤਾ ਦਾ ਇਲਜ਼ਾਮ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਦਾਜ ਲਈ ਪੂਜਾ ਨੂੰ ਤੰਗ ਕਰਨ ਲੱਗ ਪਿਆ ਸੀ। ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ।

ਰਮੇਸ਼ ਕਾਲੀਆ ਅਨੁਸਾਰ ਉਨ੍ਹਾਂ ਦਾ ਜਵਾਈ ਹਰੀਸ਼ ਪੂਜਾ ਤੋਂ ਤਲਾਕ ਲੈਣਾ ਚਾਹੁੰਦਾ ਸੀ, ਪਰ ਪੂਜਾ ਤਲਾਕ ਦੇਣ ਲਈ ਤਿਆਰ ਨਹੀਂ ਸੀ ਅਤੇ ਉਹ ਹਰੀਸ਼ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ। ਬੀਤੇ ਦਿਨ ਪੂਜਾ ਅੰਮ੍ਰਿਤਸਰ ਆਪਣੇ ਸਹੁਰੇ ਘਰ ਗਈ ਸੀ, ਪਰ ਉਨ੍ਹਾਂ ਨੇ ਉਸ ਨੂੰ ਘਰੋਂ ਵਾਪਸ ਭੇਜ ਦਿੱਤਾ।

ਸੋਸ਼ਲ ਮੀਡੀਆ ‘ਤੇ ਦੱਸੀ ਆਪਣੀ ਦਸਤਾਨ 

ਘਰ ਪਰਤਣ ਤੋਂ ਬਾਅਦ ਪੂਜਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੀ ਮੌਤ ਦੀ ਵਜ੍ਹਾ ਅਤੇ ਪਰਿਵਾਰ ਦੀ ਪ੍ਰਤਾੜਨਾ ਬਾਰੇ ਸਭ ਕੁਝ ਦੱਸਿਆ। ਰਿਸ਼ਤੇਦਾਰਾਂ ਨੇ ਜਦੋਂ ਵੀਡੀਓ ਦੇਖੀ ਤਾਂ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਵਾਲੇ ਪੂਜਾ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਉਪਚਾਰ ਦੌਰਾਨ ਉਸ ਦੀ ਮੌਤ ਹੋ ਗਈ।

ਥਾਣਾ ਬਾਰਾਦਰੀ ਦੇ ਏ.ਐੱਸ.ਆਈ. ਵਿਨੈ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀ ਅਨੁਸਾਰ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *