ਬਿਕਰਮ ਮਜੀਠੀਆ ਨੇ ਚੰਦੂਮਾਜਰਾ ਤੇ ਸੁਰਜੀਤ ਰੱਖੜਾ ਦੇ ਲਾਏ ਗੋਡੀਂ ਹੱਥ, ਛਿੜੀ ਨਵੀਂ ਚਰਚਾ

ਚੰਡੀਗੜ੍ਹ – ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਉਸ ਵੇਲੇ ਦਿਲਚਸਪ ਸਿਆਸੀ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਤੋਂ ਵੱਖ ਚੱਲ ਰਹੇ ਸੀਨੀਅਰ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਦੇ ਗੋਡੀਂ ਹੱਥ ਲਾ ਕੇ ਅਸ਼ੀਰਵਾਦ ਲਿਆ। ਅਦਾਲਤ ਕੰਪਲੈਕਸ ਵਿਚ ਹੋਈ ਇਸ ਅਚਾਨਕ ਮੁਲਾਕਾਤ ਨੇ ਪੰਜਾਬ ਦੀ ਸਿਆਸਤ ਖ਼ਾਸ ਕਰ ਕੇ ਅਕਾਲੀ ਦਲ ਦੇ ਅੰਦਰੂਨੀ ਹਾਲਾਤ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।

ਚਰਚਾਵਾ ਅਨੁਸਾਰ ਦੋਵਾਂ ਧਿਰਾਂ ਵਿਚਾਲੇ ਮਾਹੌਲ ਕਾਫ਼ੀ ਮਿੱਤਰਤਾਪੂਰਨ ਰਿਹਾ ਅਤੇ ਆਗੂਆਂ ਨੇ ਕੁਝ ਸਮਾਂ ਆਪਸ ’ਚ ਗੰਭੀਰ ਗੱਲਬਾਤ ਵੀ ਕੀਤੀ। ਇਸ ਮਿਲਣੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਮਜੀਠੀਆ ਵੱਲੋਂ ਪੁਰਾਣੇ ਸਾਥੀਆਂ ਨੂੰ ਇਕੱਠਾ ਕਰਨ ਦੀ ਮੁਹਿੰਮ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਮੁਲਾਕਾਤ ਸਿਰਫ਼ ਇਕ ਰਵਾਇਤੀ ਸਨਮਾਨ ਤੱਕ ਸੀਮਤ ਨਹੀਂ ਹੈ ਸਗੋਂ ਇਸ ਪਿੱਛੇ ਡੂੰਘੇ ਸਿਆਸੀ ਅਰਥ ਲੁਕੇ ਹੋਏ ਹਨ। ਬੀਤੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ’ਚ ਹੋਈ ਬਗ਼ਾਵਤ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਹੋਰ ਕਈ ਸੀਨੀਅਰ ਆਗੂਆਂ ਨੇ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ (ਪੁਨਰ ਸੁਰਜੀਤ) ਤਹਿਤ ਆਪਣਾ ਵੱਖਰਾ ਰਾਹ ਚੁਣ ਲਿਆ ਸੀ।

ਇਨ੍ਹਾਂ ਆਗੂਆਂ ਵੱਲੋਂ ਪਾਰਟੀ ਲੀਡਰਸ਼ਿਪ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਗਏ ਸਨ। ਹੁਣ ਜਦੋਂ ਬਿਕਰਮ ਮਜੀਠੀਆ ਖ਼ੁਦ ਅੱਗੇ ਵਧ ਕੇ ਇਨ੍ਹਾਂ ਟਕਸਾਲੀ ਆਗੂਆਂ ਦਾ ਸਤਿਕਾਰ ਕਰ ਰਹੇ ਹਨ ਤਾਂ ਇਸ ਨੂੰ ਪਾਰਟੀ ’ਚ ਮੁੜ ਏਕਤਾ ਕਾਇਮ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਮਜੀਠੀਆ ਵੱਲੋਂ ਪਹਿਲਾਂ ਵੀ ਜਨਤਕ ਤੌਰ ’ਤੇ ਪੁਰਾਣੇ ਸਾਥੀਆਂ ਨੂੰ ਮੁੜ ਇਕੱਠੇ ਹੋਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ। ਅਦਾਲਤ ਵਿਚ ਹੋਈ ਇਸ ਗੰਭੀਰ ਚਰਚਾ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਅਕਾਲੀ ਸਿਆਸਤ ਦੇ ਅਗਲੇ ਕਦਮਾਂ ’ਤੇ ਟਿਕੀਆਂ ਹੋਈਆਂ ਹਨ ਕਿ ਕੀ ਇਹ ਨਿਮਰਤਾ ਪਾਰਟੀ ਦੇ ਦੋਫਾੜ ਹੋਏ ਧੜਿਆਂ ਨੂੰ ਮੁੜ ਇਕ ਮੰਚ ’ਤੇ ਲਿਆਉਣ ’ਚ ਸਹਾਈ ਹੋਵੇਗੀ।

By Gurpreet Singh

Leave a Reply

Your email address will not be published. Required fields are marked *