ਗੁਰਪ੍ਰੀਤ ਸਿੰਘ :- ਸੋਸ਼ਲ ਮੀਡੀਆ ‘ਤੇ ਪੁਲਸ ਮੁਲਾਜ਼ਮਾਂ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਸ ਹਰਕਤ ਵਿੱਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਟ੍ਰੈਫਿਕ ਪੁਲਸ ਦੇ ਕੁਝ ਮੁਲਾਜ਼ਮਾਂ ਨੇ ਬਿਨਾਂ ਇਜਾਜ਼ਤ ਦੇ ਪ੍ਰੀ-ਵੈਡਿੰਗ ਸ਼ੂਟ ਵਿੱਚ ਹਿੱਸਾ ਲਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਬਟਾਲਾ ਪੁਲਸ ਨੇ ਸਬੰਧਤ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਬਾਰੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦੋਸ਼ ਲਗਾਇਆ ਸੀ ਕਿ ਮਾਰਕੀਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੇ ਪ੍ਰੀ-ਵੈਡਿੰਗ ਸ਼ੂਟ ਵਿੱਚ ਅਸਲੀ ਪੁਲਸ ਮੁਲਾਜ਼ਮਾਂ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਨਿਯਮਾਂ ਦੇ ਵਿਰੁੱਧ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੁੰਦੇ ਹੀ ਇਹ ਮਾਮਲਾ ਲੋਕਾਂ ਦੇ ਧਿਆਨ ਵਿੱਚ ਆਇਆ ਅਤੇ ਪੁਲਸ ਵਿਭਾਗ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਹੋ ਗਏ। ਇਸ ਵੇਲੇ ਪੂਰਾ ਮਾਮਲਾ ਜਾਂਚ ਅਧੀਨ ਹੈ, ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
