ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜਰਾਇਲ ਫੇਰੀ ਦਾ ਵਿਰੋਧ

ਗੁਰਪ੍ਰੀਤ ਸਿੰਘ :- ਇਨਕਲਾਬੀ ਕੇਂਦਰ ਪੰਜਾਬ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਲੀਆ ਇਜ਼ਰਾਈਲ ਯਾਤਰਾ ਦੀ ਸਖ਼ਤ ਨਿੰਦਾ ਕੀਤੀ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਇਹ ਦੌਰਾ ਭਾਰਤ ਸਮੇਤ ਸੰਸਾਰ ਭਰ ਦੇ ਮਿਹਨਤਕਸ਼ ਲੋਕਾਂ ਨਾਲ ਧੋਖਾ ਹੈ, ਕਿਉਂਕਿ ਇਜ਼ਰਾਈਲ ਸਰਕਾਰ ਜਿਸ ਦੀ ਅਗਵਾਈ ਜਿਉਣਵਾਦੀ ਹਾਕਮ ਬੈਂਜਾਮਿਨ ਨੇਤਨਯਾਹੂ ਕਰ ਰਿਹਾ ਹੈ, ਗਾਜ਼ਾ ਵਿੱਚ ਨਿਰਦੋਸ਼ 72000 ਤੋਂ ਵਧੇਰੇ ਫ਼ਲਸਤੀਨੀ ਲੋਕਾਂ ਦੇ ਕਤਲ, ਲੱਖਾਂ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰਨ, ਦਹਿ ਲੱਖਾਂ ਨੂੰ ਉਜਾੜਨ ਦਾ ਦੋਸ਼ੀ ਹੈ। ਨੇਤਨਯਾਹੂ ਨੂੰ ਅੰਤਰਰਾਸ਼ਟਰੀ ਅਦਾਲਤ ਵੱਲੋਂ ਜੰਗੀ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ ਪਰ ਉਹ ਮੋਦੀ ਨੂੰ ਆਪਣਾ ਭਰਾ ਆਖ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜਦੋਂ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਨਸਲਕੁਸ਼ੀ ਕੀਤੀ ਜਾ ਰਹੀ ਹੈ ਤੇ ਅਮਰੀਕਾ ਨਾਲ ਮਿਲਕੇ ਇਰਾਨ ਉੱਤੇ ਹਮਲੇ ਦੀ ਤਿਆਰੀ ਵਿੱਢੀ ਹੋਈ ਹੈ ਉਸ ਸਮੇਂ ਨਰਿੰਦਰ ਮੋਦੀ ਇਜ਼ਰਾਈਲ ਦੀ ਪਾਰਲੀਮੈਂਟ ਵਿੱਚ ਖੜਕੇ ਇਜ਼ਰਾਈਲ ਨੂੰ ‘ਫਾਦਰਲੈਂਡ’ ਆਖਕੇ ਆਖ਼ਿਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ? ਗਾਜ਼ਾ ਵਿੱਚ ਹੋ ਰਹੀ ਤਬਾਹੀ ਸਿਰਫ਼ ਇਕ ਜੰਗ ਨਹੀਂ ਸਗੋਂ ਸਾਮਰਾਜੀ ਤਾਕਤਾਂ ਵੱਲੋਂ ਸਮਰਥਿਤ ਇੱਕ ਜ਼ਬਰਦਸਤੀ ਕਬਜ਼ੇ ਅਤੇ ਨਸਲੀ ਸਫ਼ਾਏ ਦੀ ਕਾਰਵਾਈ ਹੈ। ਮੋਦੀ ਦੀ ਇਜ਼ਰਾਈਲ ਫੇਰੀ ਆਪਣੀ ਆਜ਼ਾਦੀ ਦੀ ਲੜਾਈ ਲੜ੍ਹ ਰਹੇ ਫ਼ਲਸਤੀਨੀਆਂ ਵਿਰੁੱਧ ਸਾਮਰਾਜੀ ਤਾਕਤਾਂ ਨਾਲ ਗੱਠਜੋੜ ਦੀ ਪ੍ਰਤੀਕ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਰਤ ਇਜ਼ਰਾਈਲ ਨਾਲ ਅਰਬਾਂ ਡਾਲਰਾਂ ਦੇ ਹਥਿਆਰਾਂ ਦੇ ਸਮਝੌਤੇ ਕਰਕੇ ਦੇਸ਼ ਦੇ ਮਿਹਨਤਕਸ਼ ਵਰਗ ਦੇ ਟੈਕਸ ਪੈਸੇ ਨੂੰ ਜ਼ੰਗੀ ਮਸ਼ੀਨਰੀ ਵਿੱਚ ਝੋਕਣ ਤੇ ਤੁਲਿਆ ਹੋਇਆ ਹੈ।             

ਉਨ੍ਹਾਂ ਕਿਹਾ ਕਿ ਡਰੋਨ, ਮਿਜ਼ਾਇਲ ਅਤੇ ਨਿਗਰਾਨੀ ਤਕਨਾਲੋਜੀ ਦੀ ਖ਼ਰੀਦ ਭਾਰਤ ਨੂੰ ਸਾਮਰਾਜੀ ਖੇਮੇ ਥੱਲੇ ਲਾ ਰਹੀ ਹੈ। ਇਹ ਸੌਦੇ ਲੋਕ ਹਿੱਤਾਂ ਲਈ ਨਹੀਂ, ਸਗੋਂ ਕਾਰਪੋਰੇਟ ਘਰਾਣਿਆਂ ਅਤੇ ਹਥਿਆਰ ਉਦਯੋਗ ਦੇ ਸੁਪਰ ਮੁਨਾਫ਼ਿਆਂ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਚੱਲ ਰਹੀ ਜੰਗੀ ਰਣਨੀਤੀ ਵੀ ਪੂਰੇ ਪੱਛਮੀ ਏਸ਼ੀਆ ਨੂੰ ਅੱਗ ਵਿੱਚ ਝੋਕਣ ਵਾਲੀ ਹੈ। ਟਰੰਪ ਮੋਦੀ ਦੀ ਇਸ ਹੱਦ ਤੱਕ ਬਾਂਹ ਮਰੋੜ ਰਿਹਾ ਹੈ ਕਿ ਹੁਣ ਟਰੰਪ ਨਾਲ ਸੁਲਾਹ-ਸਫਾਈ ਕਰਨ ਲਈ ਮੋਦੀ ਨੂੰ ਇਜ਼ਰਾਈਲ ਜਾਣਾ ਪੈ ਰਿਹਾ ਹੈ ਤਾਂ ਕਿ ਟਰੰਪ ਦੇ ਪੱਕੇ ਪਿੱਠੂ ਨੇਤਨਯਾਹੂ ਨੂੰ ਮਿਲ ਕੇ ਟਰੰਪ ਦੇ ਗੁੱਸੇ ਨੂੰ ਠੰਡਾ ਕੀਤਾ ਜਾ ਸਕੇ। ਮੋਦੀ ਦੀ ਨਬਜ਼ ਟਰੰਪ ਦੇ ਹੱਥ ਵਿੱਚ ਹੈ ਕਿ ਟਰੰਪ ਕਈ ਵਾਰ ਮੋਦੀ ਦੇ ਸਿਆਸੀ ਕਰੀਅਰ ਨੂੰ ਤਬਾਹ ਕਰਨ ਦੀਆਂ ਧਮਕੀਆਂ ਦੇ ਚੁੱਕਾ ਹੈ। ਉਸ ਦਾ ਇਸ਼ਾਰਾ ਮੋਦੀ ਦੇ ਅਮਲੇ-ਫੈਲੇ ਅਤੇ ਖੁਦ ਦੇ ਐਪਸਟੀਨ ਫਾਈਲਾਂ ਅਤੇ ਅਡਾਨੀ ਦੇ ਘੁਟਾਲਿਆਂ ਵੱਲ ਹੋ ਸਕਦਾ ਹੈ। ਇਸ ਤਰ੍ਹਾਂ ਮੋਦੀ ਹਕੂਮਤ ਵੱਲੋਂ ਭਾਰਤ ਨੂੰ ਅਮਰੀਕਾ-ਇਜ਼ਰਾਈਲ ਗੱਠਜੋੜ ਕੋਲ ਗਹਿਣੇ ਪਾਇਆ ਜਾ ਰਿਹਾ ਹੈ। ਅਮਰੀਕਾ ਨੇ ਭਾਰਤ ਨਾਲ ਇੱਕ ਤਰਫਾ ਅਜਿਹੇ ਵਪਾਰ ਸਮਝੌਤੇ ਦਾ ਮਸੌਦਾ ਤਿਆਰ ਕੀਤਾ ਹੈ, ਜੋ ਬੁਰੀ ਤਰ੍ਹਾਂ ਅਮਰੀਕਾ ਦੇ ਪੱਖ ਵਿੱਚ ਝੁਕਿਆ ਹੋਇਆ ਹੈ।

         

ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਖੇਤੀ ਅਰਥਚਾਰੇ ਦੇ ਬਿਲਕੁਲ ਉਲਟ ਭੁਗਤਦਾ ਹੈ ਅਤੇ ਅਮਰੀਕਾ ਦੇ ਜੀਐਮ ਵਰਗੇ ਖੇਤੀ ਉਤਪਾਦਾਂ ਲਈ ਭਾਰਤੀ ਮੰਡੀ ਖੋਲ੍ਹਣ ਲਈ ਇੱਕ ਪਾਸੜ ਦਬਾਅ ਪਾਉਂਦਾ ਹੈ। ਜਿਸ ਨਾਲ ਭਾਰਤ ਦੇ ਕਰੋੜਾਂ ਕਰੋੜ ਕਿਸਾਨ ਬੁਰੀ ਤਰ੍ਹਾਂ ਤਬਾਹ ਹੋਣ ਲਈ ਸਰਾਪੇ ਜਾਣਗੇ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਸਿੰਘ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਇਜ਼ਰਾਈਲ ਨਾਲ ਫ਼ੌਜੀ ਸਹਿਯੋਗ ਖ਼ਤਮ ਕਰੇ, ਫ਼ਲਸਤੀਨੀ ਲੋਕਾਂ ਦੀ ਆਜ਼ਾਦੀ ਦਾ ਖੁੱਲ੍ਹਾ ਸਮਰਥਨ ਕਰੇ ਅਤੇ ਗਾਜ਼ਾ ਵਿੱਚ ਜੰਗਬੰਦੀ ਲਈ ਅੰਤਰਰਾਸ਼ਟਰੀ ਦਬਾਅ ਬਣਾਏ। ਉਨ੍ਹਾਂ ਕਿਹਾ ਕਿ ਅਸੀਂ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਪ੍ਰਗਤੀਸ਼ੀਲ ਤਾਕਤਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਸੜਕਾਂ ‘ਤੇ ਉਤਰ ਕੇ ਇਸ ਸਾਮਰਾਜੀ ਗਠਜੋੜ ਦਾ ਜ਼ੋਰਦਾਰ ਵਿਰੋਧ ਕਰਨ ਅਤੇ ਫ਼ਲਸਤੀਨੀ ਲੋਕਾਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ।

By Gurpreet Singh

Leave a Reply

Your email address will not be published. Required fields are marked *