ਇਸ਼ਤਿਹਾਰਾਂ ‘ਤੇ ਕੋਰੜਾਂ ਰੁਪਏ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ

ਜਲੰਧਰ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ਼ਤਿਹਾਰਾਂ ‘ਤੇ ਖ਼ਰਚੇ ਜਾ ਰਹੇ ਕਰੋੜਾਂ ਰੁਪਿਆਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ‘ਜਗਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖ਼ਾਸ ਇੰਟਰਵਿਊ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਇਨ੍ਹਾਂ ਨੇ ਇਸ਼ਤਿਹਾਰਾਂ ‘ਤੇ ਪੰਜਾਬ ਦਾ 5-7 ਕਰੋੜ ਰੁਪਿਆ ਬਰਬਾਦ ਕੀਤਾ ਹੈ। ਸਾਰੇ ਦੇਸ਼ ‘ਚ ਕਲਰਡ ਫਰੰਟ ਪੇਜ ‘ਤੇ ਪੰਜਾਬ ਸਰਕਾਰ ਦੇ ਇਸ਼ਤਿਹਾਰ ਦਿੱਤੇ ਗਏ। ਇਨ੍ਹਾਂ ਨੇ 10 ਲੱਖ ਦਾ ਬੀਮਾ ਪੰਜਾਬ ‘ਚ ਦੇਣਾ ਹੋਵੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਮਨਾਉਣਾ ਹੋਵੇ, ਯੁੱਧ ਨਸ਼ਿਆਂ ਵਿਰੁੱਧ ਦਾ ਪ੍ਰਚਾਰ ਕਰਨਾ ਹੋਵੇ ਤਾਂ ਸਾਰੇ ਦੇਸ਼ ‘ਚ ਇਨ੍ਹਾਂ ਦੇ ਇਸ਼ਤਿਹਾਰ ਦੀਆਂ ਕਲਰਡ ਤਸਵੀਰਾਂ ਲਾਈਆਂ ਜਾਂਦੀਆਂ ਹਨ ਅਤੇ ਸਾਰੇ ਟੈਲੀਵਿਜ਼ਨ ਚੈਨਲਾਂ ‘ਤੇ ਇਨ੍ਹਾਂ ਦੇ ਇਸ਼ਤਿਹਾਰ ਚੱਲਦੇ ਹਨ।

ਖਹਿਰਾ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਪੈਸਿਆਂ ਦੀ ਬਰਬਾਦੀ ਹੈ। ਲੋਕ ਸੰਪਰਕ ਵਿਭਾਗ ਲਈ ਹਰਜੋਤ ਬੈਂਸ ਦੇ ਪੱਲੇ ਕੱਖ ਨਹੀਂ ਹੈ ਅਤੇ ਇਸ ਨੂੰ ਇਕ ਨਿੱਜੀ ਟੀ. ਵੀ. ਚੈਨਲ ਦਾ ਵਿਅਕਤੀ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਸਾਡੀ ਸਰਕਾਰ ਬਣੀ, ਅਸੀਂ ਇਸ ਦਾ ਆਡਿਟ ਕਰਵਾਵਾਂਗੇ। ਪੰਜਾਬ ‘ਚ ਬਹੁਤ ਸਾਰੇ ਪੋਰਟਲ ਫੇਕ ਬਣਾਏ ਗਏ ਹਨ, ਜਿਨ੍ਹਾਂ ਸਾਰਿਆਂ ਦੀ ਆਡਿਟ ਹੋਵੇਗੀ। ਜੇਕਰ ਅਫ਼ਸਰ ਜਾਂ ਕੋਈ ਵੀ ਮੰਤਰੀ ਗਲਤ ਕੰਮ ਕਰ ਰਿਹਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਇਕ ਹੋਰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਿੰਨੇ ਵੀ ਪੰਜਾਬ ‘ਚ ਪੰਡਾਲ ਲਗਾਏ ਜਾ ਰਹੇ ਹਨ, ਇਸ ਸਭ ਦਾ ਸਮਾਨ ਦਿੱਲੀ ਤੋਂ ਮੰਗਵਾਇਆ ਜਾ ਰਿਹਾ ਹੈ, ਕੀ ਇਹ ਸਾਰਾ ਸਮਾਨ ਪੰਜਾਬ ‘ਚ ਨਹੀਂ ਹੈ? ਸਿਰਫ ਇੰਨਾ ਹੀ ਨਹੀਂ, ਜਿਹੜੀ ਪੰਜਾਬ ‘ਚ ਤੀਰਥ ਯਾਤਰਾ ਸਕੀਮ ਚੱਲ ਰਹੀ ਹੈ, ਉਹ ਸਾਰੀਆਂ ਬੱਸਾਂ ਵੀ ਦਿੱਲੀ ਅਤੇ ਯੂ. ਪੀ. ਤੋਂ ਆਈਆਂ ਹਨ। ਜੇਕਰ ਇਹੀ ਕੰਮ ਪੰਜਾਬ ਦੇ ਛੋਟੇ ਟਰਾਂਸਪੋਰਟਰਾਂ ਨੂੰ ਦੇ ਦਿੰਦੇ ਤਾਂ ਉਹ ਚਾਰ ਪੈਸੇ ਕਮਾ ਲੈਣਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ‘ਚ ਅੱਜ ਆਮ ਆਦਮੀ ਪਾਰਟੀ ਖ਼ਿਲਾਫ਼ ਨਫ਼ਰਤ ਦੀ ਭਾਵਨਾ ਹੈ ਅਤੇ ਪੰਜਾਬ ਦਾ ਕੋਈ ਵੀ ਮੰਤਰੀ ਜਾਂ ਵਿਧਾਇਕ ਇਕ ਦਿਨ ਵੀ ਬਿਨਾਂ ਸੁਰੱਖਿਆ ਦੇ ਕਿਸੇ ਪਿੰਡ ‘ਚ ਜਾ ਕੇ ਦਿਖਾ ਦੇਣ, ਲੋਕ ਉਨ੍ਹਾਂ ਨੂੰ ਪਿੰਡਾਂ ‘ਚ ਨਹੀਂ ਵੜਨ ਦੇਣਗੇ।

By Gurpreet Singh

Leave a Reply

Your email address will not be published. Required fields are marked *