50 ਰੁਪਏ ਦੀ ਲਾਟਰੀ ਨੇ ਬਣਾ ਦਿੱਤਾ 30 ਲੱਖ ਦਾ ਮਾਲਕ, ਪਰ Lottery ਵਿਜੇਤਾ ਅਜੇ ਵੀ ਲਾਪਤਾ

ਗੁਰਪ੍ਰੀਤ ਸਿੰਘ :- ਪੰਜਾਬ ਦੇ ਬਰਨਾਲਾ ਤੋਂ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਰਫ 50 ਰੁਪਏ ਦੀ ਰਾਜਸ਼੍ਰੀ ਮਾਸਿਕ ਲਾਟਰੀ ਨੇ ਇਕ ਵਿਅਕਤੀ ਨੂੰ 30 ਲੱਖ ਰੁਪਏ ਦਾ ਮਾਲਕ ਬਣਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਲਾਟਰੀ ਦਾ ਇਨਾਮ ਨਿਕਲਣ ਦੇ ਕਈ ਦਿਨ ਬਾਅਦ ਵੀ ਵਿਜੇਤਾ ਆਪਣੀ ਰਕਮ ਲੈਣ ਲਈ ਅਜੇ ਤੱਕ ਸਾਹਮਣੇ ਨਹੀਂ ਆਇਆ।

ਇਹ ਲਾਟਰੀ ਟਿਕਟ ਬਰਨਾਲਾ ਰੇਲਵੇ ਸਟੇਸ਼ਨ ਦੇ ਨੇੜੇ ਲਾਟਰੀ ਵੇਚਣ ਵਾਲੇ ਏਜੰਟ ਜੈ ਸ਼ੰਕਰ ਵੱਲੋਂ ਵੇਚੀ ਗਈ ਸੀ। 26 ਫਰਵਰੀ ਨੂੰ ਨਿਕਲੀ ਰਾਜਸ਼੍ਰੀ ਮਾਸਿਕ ਲਾਟਰੀ ਵਿੱਚ ਬਰਨਾਲਾ ਦੇ ਇਕ ਵਿਅਕਤੀ ਨੇ ਲਗਭਗ 5 ਲੱਖ ਲਾਟਰੀ ਭਾਗੀਦਾਰਾਂ ਵਿੱਚੋਂ ਪਹਿਲਾ ਇਨਾਮ ਜਿੱਤਦਿਆਂ 30 ਲੱਖ ਰੁਪਏ ਹਾਸਲ ਕੀਤੇ।

ਹਾਲਾਂਕਿ ਇਨਾਮ ਨਿਕਲਣ ਤੋਂ ਬਾਅਦ ਵੀ ਲਾਟਰੀ ਵਿਜੇਤਾ ਦਾ ਕੋਈ ਪਤਾ ਨਹੀਂ ਲੱਗਿਆ। ਲਾਟਰੀ ਏਜੰਟ ਜੈ ਸ਼ੰਕਰ ਵੱਲੋਂ ਉਸ ਵਿਅਕਤੀ ਨੂੰ ਲੱਭਣ ਲਈ ਬਾਜ਼ਾਰਾਂ ਵਿੱਚ ਸਪੀਕਰ ਰਾਹੀਂ ਐਲਾਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਲਾਟਰੀ ਸਟਾਲ ਨੂੰ ਸਜਾਇਆ ਗਿਆ ਹੈ ਅਤੇ ਢੋਲ ਵਜਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਜੋ ਜਦੋਂ ਵੀ ਵਿਜੇਤਾ ਆਵੇ ਉਸ ਦਾ ਸਨਮਾਨ ਨਾਲ ਸਵਾਗਤ ਕੀਤਾ ਜਾ ਸਕੇ।

ਇਸ ਦੌਰਾਨ ਲੁਧਿਆਣਾ ਤੋਂ ਰਾਜਸ਼੍ਰੀ ਲਾਟਰੀ ਕੰਪਨੀ ਦੀ ਟੀਮ ਵੀ ਬਰਨਾਲਾ ਪਹੁੰਚੀ। ਕੰਪਨੀ ਦੇ ਮੈਨੇਜਰ ਰਾਜ ਕੁਮਾਰ ਵਰਮਾ ਨੇ ਦੱਸਿਆ ਕਿ 26 ਫਰਵਰੀ ਨੂੰ ਇਸ ਮਾਸਿਕ ਲਾਟਰੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। ਇਹ ਟਿਕਟ ਜੈ ਸ਼ੰਕਰ ਲਾਟਰੀ ਏਜੰਟ ਵੱਲੋਂ ਸਿਰਫ 50 ਰੁਪਏ ਵਿੱਚ ਵੇਚੀ ਗਈ ਸੀ ਅਤੇ ਇਸ ‘ਤੇ 30 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।

ਕੰਪਨੀ ਵੱਲੋਂ ਮੀਡੀਆ ਰਾਹੀਂ ਵੀ ਵਿਜੇਤਾ ਤੱਕ ਸੰਦੇਸ਼ ਭੇਜਿਆ ਗਿਆ ਹੈ ਕਿ ਉਹ ਸਰਕਾਰੀ ਪ੍ਰਕਿਰਿਆ ਦੇ ਤਹਿਤ ਆਪਣਾ ਇਨਾਮ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਇਨਾਮ ਇੱਕ ਮਹੀਨੇ ਦੇ ਅੰਦਰ ਲੈਣਾ ਲਾਜ਼ਮੀ ਹੈ, ਨਹੀਂ ਤਾਂ ਇਹ ਰਕਮ ਸਰਕਾਰੀ ਖਾਤੇ ਵਿੱਚ ਚਲੀ ਜਾਵੇਗੀ।

ਇਸ ਮੌਕੇ ਰਾਜਸ਼੍ਰੀ ਲਾਟਰੀ ਕੰਪਨੀ ਦੀ ਟੀਮ ਨੇ ਲਾਟਰੀ ਏਜੰਟ ਜੈ ਸ਼ੰਕਰ ਦਾ ਸਨਮਾਨ ਵੀ ਕੀਤਾ ਅਤੇ ਕਮਿਸ਼ਨ ਦੇ ਤੌਰ ‘ਤੇ ਇੱਕ ਲੱਖ ਰੁਪਏ ਦਾ ਚੈਕ ਦਿੱਤਾ। ਖੁਸ਼ੀ ਦੇ ਮੌਕੇ ‘ਤੇ ਲੱਡੂ ਵੰਡੇ ਗਏ ਅਤੇ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ।

ਲਾਟਰੀ ਏਜੰਟ ਜੈ ਸ਼ੰਕਰ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਬਰਨਾਲਾ ਰੇਲਵੇ ਸਟੇਸ਼ਨ ਦੇ ਬਾਹਰ ਲਾਟਰੀ ਵੇਚ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਵੇਚੇ ਟਿਕਟਾਂ ‘ਤੇ ਲੋਕਾਂ ਨੇ 5 ਲੱਖ ਤੱਕ ਦੇ ਇਨਾਮ ਜਿੱਤੇ ਹਨ। ਉਨ੍ਹਾਂ ਨੇ 30 ਲੱਖ ਦੇ ਵਿਜੇਤਾ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆ ਕੇ ਆਪਣਾ ਇਨਾਮ ਪ੍ਰਾਪਤ ਕਰੇ।

By Gurpreet Singh

Leave a Reply

Your email address will not be published. Required fields are marked *