ਪੇਟ ਵਿੱਚ ਰਸੌਲੀ ਦਾ ਆਪ੍ਰੇਸ਼ਨ ਕਰਵਾਉਣ ਮਗਰੋਂ ਔਰਤ ਦੀ ਮੌਤ, ਪਰਿਵਾਰ ਨੇ ਲਗਾਏ ਦੋਸ਼

ਨੈਸ਼ਨਲ ਟਾਈਮਜ਼ ਬਿਉਰੋ :- ਪੰਚਕੁਲਾ ਦੇ ਸੈਕਟਰ-21 ਵਿੱਚ ਸਥਿਤ ਨਿੱਜੀ ਹਸਪਤਾਲ ਅਲਕੇਮਿਸਟ ਵਿੱਚ ਪੇਟ ਦੀ ਰਸੌਲੀ ਦਾ ਆਪਰੇਸ਼ਨ ਕਰਵਾਉਣ ਆਈ ਇਕ ਮਹਿਲਾ ਦੀ ਆਪਰੇਸ਼ਨ ਤੋਂ ਬਾਅਦ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮਹਿਲਾ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ‘ਤੇ ਇਲਾਜ ਵਿੱਚ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਹੈ ਕਿ ਮਰੀਜ਼ ਦਾ ਇਲਾਜ ਅਤੇ ਆਪਰੇਸ਼ਨ ਸਹੀ ਤਰੀਕੇ ਨਾਲ ਕੀਤਾ ਗਿਆ ਸੀ।

ਮ੍ਰਿਤਕ ਮਹਿਲਾ ਦੀ ਪਛਾਣ ਸੁਦੇਸ਼ ਕੁਮਾਰੀ (44 ਸਾਲ) ਵਜੋਂ ਹੋਈ ਹੈ ਜੋ ਚੰਡੀਗੜ੍ਹ ਦੀ ਰਹਿਣ ਵਾਲੀ ਸੀ ਅਤੇ ਪੰਚਕੂਲਾ ਦੇ ਸੈਕਟਰ-14 ਵਿੱਚ ਸਥਿਤ ਹਰਿਆਣਾ ਬਿਜਲੀ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ। ਜਾਣਕਾਰੀ ਮੁਤਾਬਕ ਸੁਦੇਸ਼ ਕੁਮਾਰੀ ਪੇਟ ਵਿੱਚ ਬਣੀ ਰਸੌਲੀ ਦਾ ਆਪਰੇਸ਼ਨ ਕਰਵਾਉਣ ਲਈ ਸੈਕਟਰ-21 ਦੇ ਅਲਕੇਮਿਸਟ ਹਸਪਤਾਲ ਵਿੱਚ ਦਾਖ਼ਲ ਹੋਈ ਸੀ। ਆਪਰੇਸ਼ਨ ਤੋਂ ਬਾਅਦ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ।

ਮ੍ਰਿਤਕ ਮਹਿਲਾ ਦੇ ਪਤੀ ਪ੍ਰਕਾਸ਼ ਸਿੰਘ, ਜੋ ਚੰਡੀਗੜ੍ਹ ਨਗਰ ਨਿਗਮ ਵਿੱਚ ਚੀਫ਼ ਇੰਜੀਨੀਅਰ ਦੇ ਪੀਏ ਵਜੋਂ ਕੰਮ ਕਰਦੇ ਹਨ, ਨੇ ਦੋਸ਼ ਲਗਾਇਆ ਹੈ ਕਿ ਡਾਕਟਰਾਂ ਵੱਲੋਂ ਗਲਤ ਇਲਾਜ ਅਤੇ ਲਾਪਰਵਾਹੀ ਕਾਰਨ ਉਨ੍ਹਾਂ ਦੀ ਪਤਨੀ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਮੌਤ ਦੇ ਅਸਲੀ ਕਾਰਣਾਂ ਦਾ ਪਤਾ ਲਗਾਉਣ ਲਈ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਅਲਕੇਮਿਸਟ ਹਸਪਤਾਲ ਵਿੱਚ ਇਕ ਮਹਿਲਾ ਦੀ ਮੌਤ ਦੀ ਸੂਚਨਾ ਮਿਲਣ ‘ਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਦੀ ਮੰਗ ‘ਤੇ ਮਹਿਲਾ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਣਾਂ ਦਾ ਖੁਲਾਸਾ ਹੋ ਸਕੇਗਾ ਅਤੇ ਉਸਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਫਿਲਹਾਲ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਹਸਪਤਾਲ ਪ੍ਰਬੰਧਨ ਦੇ ਅਨੁਸਾਰ ਮਰੀਜ਼ ਦਾ ਇਲਾਜ ਅਤੇ ਸਰਜਰੀ ਮੈਡੀਕਲ ਨਿਯਮਾਂ ਅਨੁਸਾਰ ਕੀਤੀ ਗਈ ਸੀ ਅਤੇ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਖ਼ਤੀ ਨਾਲ ਨਕਾਰਦੇ ਹਨ।

By Balwinder Singh

Leave a Reply

Your email address will not be published. Required fields are marked *