ਇਰਾਨ ਜੰਗ ਨੂੰ ਲੈ ਕੇ ਟਰੰਪ ਦੇ ਬਿਆਨ ਮਗਰੋਂ ਸ਼ੇਅਰ ਬਾਜ਼ਾਰ ‘ਚ ਪਰਤੀ ਰੌਣਕ ! ਸੈਂਸੈਕਸ ਨੇ ਮਾਰੀ ਵੱਡੀ ਛਲਾਂਗ

ਜੰਗ ਕਾਰਨ ਬੀਤੇ ਦਿਨ ਭਾਰਤੀ ਸ਼ੇਅਰ ਬਾਜ਼ਾਰ ‘ਚ ਜੋ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ, ਮੰਗਲਵਾਰ ਨੂੰ ਉਸ ‘ਚ ਭਰਪਾਈ ਦੇਖੀ ਗਈ ਹੈ। ਇਰਾਨ ‘ਚ ਛਿੜੀ ਜੰਗ ਨੂੰ ਖ਼ਤਮ ਕਰਨ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਮਗਰੋਂ ਭਾਰਤੀ ਸਟਾਕ ਮਾਰਕੀਟ ਵਿੱਚ ਮੰਗਲਵਾਰ ਨੂੰ ਸ਼ਾਨਦਾਰ ਵਾਪਸੀ ਦੇਖਣ ਨੂੰ ਮਿਲੀ।

ਸੋਮਵਾਰ ਨੂੰ ਅਮਰੀਕਾ-ਈਰਾਨ ਜੰਗ ਦੇ ਤਣਾਅ ਕਾਰਨ ਹੋਈ ਭਾਰੀ ਬਿਕਵਾਲੀ ਤੋਂ ਬਾਅਦ, ਅੱਜ ਬਾਜ਼ਾਰ ਹਰੇ ਨਿਸ਼ਾਨ ‘ਤੇ ਖੁੱਲ੍ਹਿਆ। ਅੱਜ ਮਾਰਕੀਟ ਖੁੱਲ੍ਹਦੇ ਸਾਰ ਹੀ ਸੈਂਸੈਕਸ ਨੇ 500 ਤੋਂ ਵੱਧ ਅੰਕਾਂ ਦੀ ਛਲਾਂਗ ਮਾਰੀ, ਜਦਕਿ ਨਿਫਟੀ ‘ਚ ਵੀ 150 ਤੋਂ ਵੱਧ ਅੰਕਾਂ ਦੀ ਤੇਜ਼ੀ ਦੇਖੀ ਗਈ। ਖ਼ਬਰ ਲਿਖੇ ਜਾਣ ਸਮੇਂ ਸੈਂਸੈਕਸ 78,000, ਜਦਕਿ ਨਿਫਟੀ 24,183 ‘ਤੇ ਟ੍ਰੇ਼ਡ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨੇ ਨਿਵੇਸ਼ਕਾਂ ਦਾ ਭਰੋਸਾ ਵਧਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਈਰਾਨ ਨਾਲ ਜੰਗ ਜਲਦੀ ਖ਼ਤਮ ਹੋ ਸਕਦੀ ਹੈ। ਇਸ ਬਿਆਨ ਨੇ ਬਾਜ਼ਾਰ ਵਿੱਚੋਂ ਅਨਿਸ਼ਚਿਤਤਾ ਦੇ ਬੱਦਲ ਕੁਝ ਹੱਦ ਤੱਕ ਹਟਾ ਦਿੱਤੇ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ ਕੱਚਾ ਤੇਲ 120 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਿਆ ਸੀ, ਪਰ ਟਰੰਪ ਦੇ ਬਿਆਨ ਤੋਂ ਬਾਅਦ ਇਸ ਵਿੱਚ ਵੱਡੀ ਗਿਰਾਵਟ ਆਈ ਅਤੇ ਇਹ 90 ਡਾਲਰ ਤੋਂ ਹੇਠਾਂ ਆ ਗਿਆ। ਭਾਰਤ ਵਰਗੇ ਤੇਲ ਦਰਾਮਦ ਕਰਨ ਵਾਲੇ ਦੇਸ਼ ਲਈ ਇਹ ਵੱਡੀ ਰਾਹਤ ਹੈ।

ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਵਿੱਚ ਰਾਤ ਨੂੰ ਹੋਈ ਰਿਕਵਰੀ ਅਤੇ ਅੱਜ ਏਸ਼ੀਆਈ ਬਾਜ਼ਾਰਾਂ (ਜਿਵੇਂ ਕਿ ਜਾਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦਾ ਕੋਸਪੀ) ਵਿੱਚ ਆਈ ਤੇਜ਼ੀ ਨੇ ਭਾਰਤੀ ਬਾਜ਼ਾਰ ਨੂੰ ਮਜ਼ਬੂਤੀ ਦਿੱਤੀ। ਮਾਹਿਰਾਂ ਅਨੁਸਾਰ ਭਾਵੇਂ ਅੱਜ ਬਾਜ਼ਾਰ ਵਿੱਚ ਰਿਕਵਰੀ ਹੋਈ ਹੈ, ਪਰ ਮੱਧ ਪੂਰਬ ਦੀ ਸਥਿਤੀ ਅਜੇ ਵੀ ਅਸਥਿਰ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕ ਅਜੇ ਵੀ ਬਿਕਵਾਲੀ ਕਰ ਰਹੇ ਹਨ, ਜਦੋਂ ਕਿ ਘਰੇਲੂ ਨਿਵੇਸ਼ਕ ਬਾਜ਼ਾਰ ਨੂੰ ਸਹਾਰਾ ਦੇ ਰਹੇ ਹਨ। ਅਗਲੇ ਕੁਝ ਦਿਨਾਂ ਤੱਕ ਇਹ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ।

By Rajeev Sharma

Leave a Reply

Your email address will not be published. Required fields are marked *