ਗੁਰਪ੍ਰੀਤ ਸਿੰਘ :- ਮੋਗਾ ਜ਼ਿਲ੍ਹੇ ਵਿੱਚ ਪੈਂਦੇ ਕਿਸ਼ਨਪੁਰਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਨਿੱਜੀ ਸੁਰੱਖਿਆ ਗਾਰਡ ਦੀ ਰਾਈਫਲ ਤੋਂ ਅਚਾਨਕ ਗੋਲੀ ਚੱਲ ਗਈ। ਇਸ ਘਟਨਾ ਵਿੱਚ ਇੱਕ 3 ਸਾਲਾ ਮਾਸੂਮ ਬੱਚਾ ਜ਼ਖਮੀ ਹੋ ਗਿਆ ਜਿਸਦੇ ਪੱਟ ਵਿੱਚ ਗੋਲੀ ਲੱਗੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੱਚੇ ਨੂੰ ਤੁਰੰਤ ਇਲਾਜ ਲਈ ਮੇਡੀਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦਾ ਇਲਾਜ ਜਾਰੀ ਹੈ। ਡਾਕਟਰਾਂ ਵੱਲੋਂ ਬੱਚੇ ਦੀ ਹਾਲਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਘਰ ਦੇ ਮਾਲਕ ਕੋਲ ਇੱਕ ਨਿੱਜੀ ਸੁਰੱਖਿਆ ਗਾਰਡ ਤੈਨਾਤ ਸੀ ਜਿਸ ਕੋਲ ਰਾਈਫਲ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਰਨ ਰਾਈਫਲ ਤੋਂ ਅਚਾਨਕ ਗੋਲੀ ਚੱਲ ਗਈ ਜੋ ਨੇੜੇ ਮੌਜੂਦ ਬੱਚੇ ਦੇ ਪੱਟ ਵਿੱਚ ਲੱਗ ਗਈ।
ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਸੁਰੱਖਿਆ ਗਾਰਡ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਫਰਾਰ ਸੁਰੱਖਿਆ ਗਾਰਡ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਬੱਚਾ ਨਰਸਰੀ ਕਲਾਸ ਵਿੱਚ ਪੜ੍ਹਦਾ ਹੈ ਅਤੇ ਉਹ ਸਕੂਲ ਵਿੱਚ ਪੇਪਰ ਦੇ ਕੇ ਘਰ ਵਾਪਸ ਆਇਆ ਸੀ ਜਦੋਂ ਇਹ ਦੁੱਖਦਾਈ ਘਟਨਾ ਵਾਪਰੀ।ਫਿਲਹਾਲ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਮਾਮਲੇ ‘ਤੇ ਕੋਈ ਬਿਆਨ ਦੇਣ ਜਾਂ ਵੀਡੀਓ ਬਾਈਟ ਦੇਣ ਤੋਂ ਇਨਕਾਰ ਕੀਤਾ ਗਿਆ ਹੈ।
