ਨਵੀਂ ਦਿੱਲੀ – ਪੱਛਮੀ ਏਸ਼ੀਆ ਸੰਕਟ ਕਾਰਨ ਊਰਜਾ ਸਪਲਾਈ ਪ੍ਰਭਾਵਿਤ ਹੋਣ ਦਰਮਿਆਨ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘਰਾਂ ਲਈ ਰਸੋਈ ਗੈਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਗਈ ਹੈ ਅਤੇ ਗੈਸ ਸਿਲੰਡਰ ਲਈ ਘਬਰਾਹਟ ’ਚ ਬੁਕਿੰਗ ਕਰਨ ਦੀ ਕੋਈ ਲੋੜ ਨਹੀਂ ਹੈ। ਸਰਕਾਰ ਨੇ ਸੂਬਿਆਂ ਨੂੰ ਰਸੋਈ ਗੈਸ ਦੀ ਕਾਲਾਬਾਜ਼ਾਰੀ ਰੋਕਣ ਦੇ ਹੁਕਮ ਦਿੱਤੇ ਹਨ। ਕੇਂਦਰ ਸਰਕਾਰ ਨੇ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ’ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐੱਲ. ਪੀ. ਜੀ. ਤੋਂ ਪੀ. ਐੱਨ. ਜੀ. ’ਚ ਸ਼ਿਫਟ ਹੋਣ ਅਤੇ ਪੀ. ਐੱਨ. ਜੀ. ਕੁਨੈਕਸ਼ਨ ’ਤੇ ਜ਼ੋਰ ਦੇਣ।
ਸਰਕਾਰ ਨੇ ਕਿਹਾ ਕਿ ਦੇਸ਼ ਭਰ ’ਚ ਅਜੇ 1.5 ਕਰੋੜ ਪੀ. ਐੱਨ. ਜੀ. ਖਪਤਕਾਰ ਹਨ। ਇਸ ਤੋਂ ਇਲਾਵਾ 60 ਲੱਖ ਪਰਿਵਾਰ ਆਸਾਨੀ ਨਾਲ ਪੀ. ਐੱਨ. ਜੀ. ਕੁਨੈਕਸ਼ਨ ਲੈ ਸਕਦੇ ਹਨ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਿਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਇੱਥੇ ਇਕ ਮੀਡੀਆ ਬ੍ਰੀਫਿੰਗ ’ਚ ਕਿਹਾ ਕਿ 5 ਮਾਰਚ ਤੋਂ ਹੁਣ ਤੱਕ ਘਰੇਲੂ ਐੱਲ. ਪੀ. ਜੀ. ਉਤਪਾਦਨ ’ਚ 30 ਫੀਸਦੀ ਦਾ ਵਾਧਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਘਬਰਾਹਟ ’ਚ ਸਿਲੰਡਰ ਦੀ ਬੁਕਿੰਗ ਦੀ ਕੋਈ ਲੋੜ ਨਹੀਂ ਹੈ ਅਤੇ ਕਿਸੇ ਵੀ ਐੱਲ. ਪੀ. ਜੀ. ਡੀਲਰ ਕੋਲ ਸਟਾਕ ਖ਼ਤਮ ਨਹੀਂ ਹੋਇਆ ਹੈ।
ਸੁਜਾਤਾ ਨੇ ਦੱਸਿਆ ਕਿ ਈਰਾਨ ਜੰਗ ਤੋਂ ਪਹਿਲਾਂ ਔਸਤਨ 55.7 ਲੱਖ ਬੁਕਿੰਗ ਦੇ ਮੁਕਾਬਲੇ ਇਸ ਸਮੇਂ ਐੱਲ. ਪੀ. ਜੀ. ਬੁਕਿੰਗ ਵਧ ਕੇ 75.7 ਲੱਖ ਹੋ ਗਈ ਹੈ, ਭਾਵ ਬੁਕਿੰਗ ’ਚ 20 ਲੱਖ ਦਾ ਵਾਧਾ ਹੋਇਆ ਹੈ, ਜੋ ਸਪਸ਼ਟ ਤੌਰ ’ਤੇ ਘਬਰਾਹਟ ’ਚ ਕੀਤੀ ਜਾ ਰਹੀ ਬੁਕਿੰਗ ਨੂੰ ਦਰਸਾਉਂਦਾ ਹੈ। ਓਧਰ. ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਰਾਤ ਟੈਲੀਫੋਨ ’ਤੇ ਆਪਣੇ ਈਰਾਨੀ ਹਮਰੁਤਬਾ ਸਈਅਦ ਅੱਬਾਸ ਅਰਾਘਚੀ ਨਾਲ ਗੱਲ ਕੀਤੀ। ਪੱਛਮੀ ਏਸ਼ੀਆ ਸੰਕਟ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਇਹ ਚੌਥੀ ਗੱਲਬਾਤ ਹੈ, ਜੋ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਹੋਰਮੂਜ਼ ਸਟ੍ਰੇਟ ਦੇ ਦੋਵਾਂ ਪਾਸੇ ਖੜ੍ਹੇ 28 ਵਪਾਰਕ ਜਹਾਜ਼ਾਂ ਲਈ ਸੁਰੱਖਿਅਤ ਮਾਰਗ ਯਕੀਨੀ ਬਣਾਉਣ ਦੇ ਯਤਨਾਂ ਨੂੰ ਤੇਜ਼ ਕਰ ਰਿਹਾ ਹੈ।
398 ਰਸੋਈ ਗੈਸ ਸਿਲੰਡਰ ਜਮ੍ਹਾ ਕਰਨ ’ਤੇ 2 ਗ੍ਰਿਫ਼ਤਾਰ
ਤਾਮਿਲਨਾਡੂ ਦੇ ਮਦੁਰੈ ’ਚ ਕਾਲਾਬਾਜ਼ਾਰੀ ਲਈ ਕਥਿਤ ਤੌਰ ’ਤੇ 398 ਰਸੋਈ ਗੈਸ ਸਿਲੰਡਰ ਜਮ੍ਹਾ ਕਰਨ ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਗੁੰਡਾ ਐਕਟ ਤਹਿਤ ਹਿਰਾਸਤ ’ਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਸਿਲੰਡਰ ਦੀ ਜਮ੍ਹਾਖੋਰੀ ਦੇ ਮਾਮਲੇ ’ਚ ਸੂਬੇ ’ਚ ਪਹਿਲੀ ਵਾਰ ਇੰਨੀ ਸਖ਼ਤ ਕਾਰਵਾਈ ਕੀਤੀ ਗਈ ਹੈ। ਨਾਗਰਿਕ ਸਪਲਾਈ ਅਪਰਾਧਿਕ ਜਾਂਚ ਵਿਭਾਗ ਨੂੰ ਘਰੇਲੂ ਸਬਸਿਡੀ ਵਾਲੇ ਗੈਸ ਸਿਲੰਡਰਾਂ ਨੂੰ ਵਪਾਰਕ ਵਰਤੋਂ ਲਈ ਨਾਜਾਇਜ਼ ਤੌਰ ’ਤੇ ਵਰਤਣ ਦੀ ਕੋਸ਼ਿਸ਼ ਦੀ ਸੂਚਨਾ ਮਿਲੀ ਸੀ।
ਲੋਕ ਸਭਾ ’ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ
ਰਸੋਈ ਗੈਸ ਨੂੰ ਲੈ ਕੇ ਲੋਕ ਸਭਾ ’ਚ ਸ਼ੁੱਕਰਵਾਰ ਨੂੰ ਵੀ ਅੜਿੱਕਾ ਬਰਕਰਾਰ ਰਿਹਾ। ਕਾਂਗਰਸ ਤੇ ਕਈ ਹੋਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਦੇਸ਼ ’ਚ ਰਸੋਈ ਗੈਸ ਦੀ ਕਿੱਲਤ ਨੂੰ ਲੈ ਕੇ ਸ਼ੁੱਕਰਵਾਰ ਨੂੰ ਲੋਕ ਸਭਾ ’ਚ ਹੰਗਾਮਾ ਕੀਤਾ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਕਾਰਜ ਮੰਤਰਣਾ ਕਮੇਟੀ ਦੀ ਬੈਠਕ ’ਚ ਲੋਕ ਸਭਾ ਸਪੀਕਰ ਨੇ ਕਿਹਾ ਹੈ ਕਿ ਸਦਨ ਠੀਕ ਢੰਗ ਨਾਲ ਚੱਲਣਾ ਚਾਹੀਦਾ ਹੈ ਪਰ ‘ਕਾਂਗਰਸ ਦੇ ਨੇਤਾ ਅਤੇ ਉਸ ਦੇ ਸੰਸਦ ਮੈਂਬਰ ਨਹੀਂ ਸੁਧਰ ਰਹੇ ਹਨ।’ ਓਧਰ, ਵਿਰੋਧੀ ਸੰਸਦ ਮੈਂਬਰਾਂ ਨੇ ਐੱਲ. ਪੀ. ਜੀ. ਦੇ ਮੁੱਦੇ ’ਤੇ ਸੰਸਦ ਕੰਪਲੈਕਸ ’ਚ ਵੀ ਪ੍ਰਦਰਸ਼ਨ ਕੀਤਾ। ਉੱਥੇ ਹੀ ਕਾਂਗਰਸ ਦੀ ਦਿੱਲੀ ਇਕਾਈ ਦੇ ਨੇਤਾਵਾਂ ਨੇ ਸੜਕ ਕਿਨਾਰੇ ਰਵਾਇਤੀ ਚੁੱਲ੍ਹੇ ’ਤੇ ਰੋਟੀਆਂ ਸੇਕ ਕੇ ਐੱਲ. ਪੀ. ਜੀ. ਦੀ ਕਿੱਲਤ ਅਤੇ ਮਹਿੰਗਾਈ ਨੂੰ ਲੈ ਕੇ ਵਿਰੋਧ ਪ੍ਰਗਟਾਇਆ।
