ਪਲਾਸਟਿਕ ਉਤਪਾਦਾਂ ਦੀਆਂ ਕੀਮਤਾਂ ”ਚ 60 ਫੀਸਦੀ ਦਾ ਵਾਧਾ! ਈਰਾਨ ਸੰਕਟ ਨਾਲ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਗੁਰਪ੍ਰੀਤ ਸਿੰਘ :- ਪੱਛਮੀ ਏਸ਼ੀਆ ਵਿਚ ਜਾਰੀ ਤਣਾਅ ਦਾ ਅਸਰ ਹੁਣ ਆਮ ਲੋਕਾਂ ਦੀ ਜੇਬ ’ਤੇ ਪੈਣ ਵਾਲਾ ਹੈ। ਉਦਯੋਗ ਮਾਹਿਰਾਂ ਮੁਤਾਬਕ ਜੇਕਰ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ ਤਾਂ ਅਪ੍ਰੈਲ ਤੋਂ ਪਲਾਸਟਿਕ ਉਤਪਾਦਾਂ ਦੀਆਂ ਕੀਮਤਾਂ ਵਿਚ 50-60 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਪਲਾਸਟਿਕ ਉਤਪਾਦਾਂ ਦੇ ਨਿਰਮਾਣ ਵਿਚ ਵਰਤਿਆ ਜਾਣ ਵਾਲਾ ਪੌਲੀਮਰ, ਜੋ ਕੱਚੇ ਤੇਲ ਅਤੇ ਕੁਦਰਤੀ ਗੈਸ ਤੋਂ ਬਣਦਾ ਹੈ, ਪਿਛਲੇ ਕੁਝ ਦਿਨਾਂ ਵਿਚ 50-60 ਫੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ। ਇਸ ਨਾਲ ਨਿਰਮਾਤਾਵਾਂ ’ਤੇ ਲਾਗਤ ਦਾ ਦਬਾਅ ਵਧ ਗਿਆ ਹੈ।

ਪਾਣੀ ਦੀ ਬੋਤਲ ਤੋਂ ਸ਼ੁਰੂ ਹੋਵੇਗੀ ਮਾਰ
ਅਖਿਲ ਭਾਰਤੀ ਪਲਾਸਟਿਕ ਨਿਰਮਾਤਾ ਸੰਘ ਅਨੁਸਾਰ ਕੰਪਨੀਆਂ ਅਜੇ ਤੱਕ ਪੁਰਾਣੇ ਸਟਾਕ ਦੇ ਸਹਾਰੇ ਕੀਮਤਾਂ ਕੰਟਰੋਲ ਕਰ ਰਹੀਆਂ ਸਨ ਪਰ ਇਹ ਸਟਾਕ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਹੁਣ ਕੱਚਾ ਮਾਲ ਰੋਜ਼ਾਨਾ ਦੀਆਂ ਕੀਮਤਾਂ ’ਤੇ ਖਰੀਦਿਆ ਜਾ ਰਿਹਾ ਹੈ, ਜਿਸ ਨਾਲ ਉਤਪਾਦਾਂ ਦੀਆਂ ਕੀਮਤਾਂ ਵੀ ਉਸੇ ਆਧਾਰ ’ਤੇ ਤੈਅ ਹੋਣਗੀਆਂ। ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ 2 ਰੁਪਏ ਵਿਚ ਮਿਲਣ ਵਾਲੀ ਛੋਟੀ ਪਾਣੀ ਦੀ ਬੋਤਲ ਦੀ ਕੀਮਤ ਵਧ ਕੇ 3 ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ। ਇਸੇ ਤਰ੍ਹਾਂ 20 ਲੀਟਰ ਦੀ ਬੋਤਲ, ਜਿਸ ਦੀ ਕੀਮਤ ਅਜੇ ਕਰੀਬ 110 ਰੁਪਏ ਹੈ, ਉਸ ਵਿਚ ਵੀ ਵੱਡਾ ਉਛਾਲ ਆ ਸਕਦਾ ਹੈ।

ਖੁਰਾਕੀ ਉਤਪਾਦ ਵੀ ਹੋਣਗੇ ਮਹਿੰਗੇ
ਪਲਾਸਟਿਕ ਪੈਕੇਜਿੰਗ ਮਹਿੰਗੀ ਹੋਣ ਨਾਲ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਤੇ ਵੀ ਅਸਰ ਪਵੇਗਾ। ਕੰਗਾਇਮ ਦੇ ਰਾਈਸ ਮਿੱਲ ਮਾਲਕਾਂ ਮੁਤਾਬਕ 26 ਕਿਲੋ ਚੌਲਾਂ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਬੈਗ ਦੀ ਕੀਮਤ 23 ਰੁਪਏ ਤੋਂ ਵਧ ਕੇ 29 ਰੁਪਏ ਹੋ ਗਈ ਹੈ ਅਤੇ ਸਪਲਾਈ ਵਿਚ ਦੇਰੀ ਵੀ ਹੋ ਰਹੀ ਹੈ।

ਤੇਲ ਅਤੇ ਕੱਪੜਾ ਉਦਯੋਗ ’ਤੇ ਵੀ ਅਸਰ
ਖੁਰਾਕੀ ਤੇਲ ਉਦਯੋਗ ਵਿਚ ਪਲਾਸਟਿਕ ਬੋਤਲ ਦੀ ਕੀਮਤ 10 ਤੋਂ ਵਧ ਕੇ 15 ਰੁਪਏ ਹੋ ਗਈ ਹੈ। ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਕੰਪਨੀਆਂ ਉਪਭੋਗਤਾਵਾਂ ’ਤੇ ਕੀਮਤਾਂ ਦਾ ਬੋਝ ਪਾ ਸਕਦੀਆਂ ਹਨ। ਉੱਥੇ ਹੀ ਤਿਰੂਪੁਰ ਦੇ ਹੌਜ਼ਰੀ ਉਦਯੋਗ ਨੇ ਵੀ ਉਤਪਾਦਾਂ ਦੀ ਕੀਮਤ ਪ੍ਰਤੀ ਪੀਸ 7 ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਦਯੋਗ ਮਾਹਿਰਾਂ ਦਾ ਕਹਿਣਾ ਹੈ ਕਿ ਦਰਾਮਦ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ, ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਕੱਚੇ ਮਾਲ ਦੀਆਂ ਕੀਮਤਾਂ ਬਰਾਬਰ ਰੂਪ ਵਿਚ ਵਧ ਰਹੀਆਂ ਹਨ ਪਰ ਘਰੇਲੂ ਬਾਜ਼ਾਰ ਵਿਚ ਮਹਿੰਗਾਈ ਦਾ ਦਬਾਅ ਸਾਫ਼ ਨਜ਼ਰ ਆਵੇਗਾ।

By Gurpreet Singh

Leave a Reply

Your email address will not be published. Required fields are marked *