ਅੰਮ੍ਰਿਤਸਰ, ਗੁਰਪ੍ਰੀਤ ਸਿੰਘ :- ਪਾਕਿਸਤਾਨ ਬੈਠੇ ਨਸ਼ਾ ਤਸਕਰਾਂ ਵੱਲੋਂ ਭਾਰਤ ਵਿੱਚ ਬੈਠੇ ਨਸ਼ਾ ਤਸਕਰਾਂ ਨਾਲ ਸੰਪਰਕ ਕਰਕੇ ਲਗਾਤਾਰ ਭਾਰਤ ਵਿੱਚ ਹੈਰੋਇਨ ਦੀ ਖੇਪ ਭੇਜਣ ਦਾ ਸਿਲਸਿਲਾ ਜਾਰੀ ਹੈ। ਦੂਜੇ ਪਾਸੇ ਪੰਜਾਬ ਪੁਲਿਸ ਵੀ ਇਸ ਨੈਟਵਰਕ ਨੂੰ ਤੋੜਨ ਵਿੱਚ ਲਗਾਤਾਰ ਕਾਮਯਾਬ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਮਾੜੇ ਅਨਸਰਾਂ ਉੱਤੇ ਠੱਲ ਪਾਉਂਦੇ ਹੋਏ ਇੱਕ ਵੱਡੀ ਸਫਲਤਾ ਵਿੱਚ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਵਿੱਚ ਇੱਕ ਪਾਕਿਸਤਾਨ ਅਧਾਰਤ ਤਸਕਰ ਅਤੇ ਇੱਕ ਵਿਦੇਸ਼ੀ ਹੈਂਡਲਰ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ ਜੋ ਸਰਹੱਦ ਪਾਰ ਤੋਂ ਨਸ਼ੇ ਦੀ ਸਪਲਾਈ ਕਰਦੇ ਹਨ।
ਡੀਜੀਪੀ ਨੇ ਦਿੱਤੀ ਜਾਣਕਾਰੀ
ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਪੋਸਟ ਵਿੱਚ ਉਨ੍ਹਾਂ ਲਿਖਿਆ ਕਿ ‘ਐਫਆਈਆਰ ਪੁਲਿਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ। ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਨਸ਼ਾ ਮੁਕਤ, ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਵੀ ਪੁਲਿਸ ਨੂੰ ਸਰਹੱਦੀ ਖੇਤਰਾਂ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਖੇਪ ਮਿਲਦੀ ਰਹੀ ਹੈ, ਜਿਸ ਤਹਿਤ ਪੁਲਿਸ ਅਤੇ ਬੀਐਸਐਫ ਵੱਲੌਂ ਸਾਂਝੇ ਆਪਰੇਸ਼ਨ ਚਲਾਏ ਜਾਂਦੇ ਹਨ। ਇਸ ਤਹਿਤ ਹੁਣ ਤੱਕ ਪੁਲਿਸ ਨੇ ਭਾਰੀ ਮਾਤਰਾ ‘ਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੀ ਬਾਰਡਰ ਸਿਕਿਓਰਿਟੀ ਫੋਰਸ ਅਤੇ ਪੰਜਾਬ ਪੁਲਿਸ ਦੇ ਐਂਟੀ ਨਾਰਕੋਟਿਕਸ ਸਟਾਫ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਸਰਗਰਮ ਨਾਰਕੋਟਿਕਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਆਪ੍ਰੇਸ਼ਨ ਦੌਰਾਨ ਲਗਭਗ 24.5 ਕਿੱਲੋਗ੍ਰਾਮ ਹੈਰੋਇਨ ਅਤੇ 21 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਇੱਕ ਡਰੋਨ ਵੀ ਬਰਾਮਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਗੌਰਵ ਯਾਦਵ ਨੇ ਦਿੱਤੀ।
ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ
ਉਥੇ ਹੀ ਦੋ ਦਿਨ ਪਹਿਲਾਂ ਵੀ ਫਿਰੋਜ਼ਪੁਰ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਕਰੀਬ 30 ਕਰੋੜ ਰੁਪਏ ਮੁੱਲ ਦੀ ਪੰਜ ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਉੱਥੇ ਹੀ ਤੀਸਰੀ ਨਸ਼ੇ ਦੀ ਖੇਪ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਪਿੰਡ ਲੰਘਿਆਣਾ ਦੇ ਬੰਨ੍ਹ ਉੱਪਰ ਸੁੱਟੀ ਗਈ। ਜਿਸ ਨੂੰ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਉਥੋਂ ਬਰਾਮਦ ਕੀਤਾ ਗਿਆ। ਜਿਸ ਵਿੱਚੋਂ 2 ਕਿੱਲੋ ਹੈਰੋਇਨ ਬਰਾਮਦ ਹੋਈ ਉਸ ਉੱਤੇ ਵੀ ਮੁਕੱਦਮਾ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਾਕਿਸਤਾਨ ਤੋਂ ਕਿਸ ਨੇ ਮੰਗਵਾਈ ਸੀ ਅਤੇ ਅੱਗੇ ਇਸ ਨੂੰ ਕਿਸ ਨੇ ਲੈਣ ਆਉਣਾ ਸੀ। ਐਸਐਸਪੀ ਨੇ ਦੱਸਿਆ ਕਿ ਮਹਿਜ ਢਾਈ ਮਹੀਨਿਆਂ ਵਿੱਚ ਹੀ 70 ਕਿੱਲੋ ਤੋਂ ਜਿਆਦਾ ਹੈਰੋਇਨ ਅਤੇ ਲੱਗਭਗ 50 ਲੱਖ ਰੁਪਏ ਦੇ ਕਰੀਬ ਦੀ ਡਰੱਗ ਮਨੀ ਹੁਣ ਤੱਕ ਫੜੀ ਜਾ ਚੁੱਕੀ ਹੈ ਅਤੇ ਨਸ਼ੇ ਦੇ ਸਿੰਡੀਕੇਟ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਜਾਰੀ ਹੈ ਤਾਂ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕੇ।
