ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਪੰਜਾਬ ਦਾ ਅਗਲਾ ਵਿੱਤ ਮੰਤਰੀ, ਸੁਖਬੀਰ ਬਾਦਲ ਨੇ ਕਹੀ ਵੱਡੀ ਗੱਲ

ਗੁਰਪ੍ਰੀਤ ਸਿੰਘ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ 2027 ਵਿਚ ਸੱਤਾ ਵਿਚ ਆਇਆ ਤਾਂ ਪਾਰਟੀ ਮੁਹਾਲੀ-ਡੇਰਾ ਬੱਸੀ-ਨਿਊ ਚੰਡੀਗੜ੍ਹ-ਖਰੜ ਪੱਟੀ ਨੂੰ ਮੁੰਬਈ ਤੇ ਗੁੜਗਾਓਂ ਵਾਂਗੂ ਦੇਸ਼ ਦਾ ਅਗਲਾ ਵਿੱਤੀ ਕੇਂਦਰ ਬਣਾਉਣ ਵਾਸਤੇ ਵਚਨਬੱਧ ਹੈ। ਉਨ੍ਹਾਂ ਨੇ ਸਰਕਾਰ ਬਣਨ ’ਤੇ ਐੱਨ. ਕੇ. ਸ਼ਰਮਾ ਨੂੰ ਵਿੱਤ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਹੱਸਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਖਜਾਨਚੀ ਵੀ ਇਹੀ ਹਨ ਅਤੇ ਸਾਡੀ ਸਰਕਾਰ ਬਣਨ ‘ਤੇ ਪੰਜਾਬ ਸਰਕਾਰ ਦੇ ਖਜਾਨਚੀ ਵੀ ਸ਼ਰਮਾ ਜੀ ਹੀ ਹੋਣਗੇ। ਉਨ੍ਹਾਂ ਕਿਹਾ ਕਿ ਸ਼ਰਮਾ ਜੀ ਬਹੁਤ ਹੀ ਨੇਕ ਅਤੇ ਈਮਨਦਾਰ ਬੰਦੇ ਹਨ ਅਤੇ ਮੈਨੂੰ ਇਨ੍ਹਾਂ ‘ਤੇ ਪੂਰਾ ਭਰੋਸਾ ਹੈ।

ਡੇਰਾ ਬੱਸੀ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਇਸ ਇਲਾਕੇ ਵਿਚ ਆਈ. ਟੀ. ਕੇਂਦਰ ਤਿਆਰ ਕਰਾਂਗੇ ਅਤੇ ਇੱਥੇ ਸੈਰ-ਸਪਾਟਾ ਆਧਾਰਿਤ ਪ੍ਰਾਜੈਕਟ ਲਿਆਵਾਂਗਾ ਅਤੇ ਡੇਰਾਬਸੀ ਵਿਚ ਉਦਯੋਗ ਆਧਾਰਿਤ ਕੇਂਦਰ ਸਥਾਪਿਤ ਕਰਾਂਗੇ। ਉਹਨਾਂ ਕਿਹਾ ਕਿ ਇਸ ਸਾਰੇ ਇਲਾਕੇ ਨੂੰ ਮੈਟਰੋ ਰੇਲ ਪ੍ਰਣਾਲੀ ਨਾਲ ਜੋੜਿਆ ਜਾਵੇਗਾ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇਗਾ ਤੇ ਸੋਲਿਡ ਵੇਸਟ ਮੈਨੇਜਮੈਂਟ ਵਾਸਤੇ ਵਿਸ਼ਵ ਪੱਧਰੀ ਢਾਂਚਾ ਬਣਾਇਆ ਜਾਵੇਗਾ। ਇਹ ਉੱਦਮ ਜੋ ਅਸੀਂ ਪੰਜ ਸਾਲ ਵਿਚ ਪੂਰਾ ਕਰਾਂਗੇ, ਉਹ ਚੰਡੀਗੜ੍ਹ ਨੇੜੇ ਮਹਾਂਨਗਰ ਦੇ ਉਭਾਰ ਵਿਚ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਮੁਹਾਲੀ ਵਿਚ ਕੌਮਾਂਤਰੀ ਹਵਾਈ ਅੱਡਾ ਸਥਾਪਿਤ ਕਰ ਕੇ ਇਸ ਨੂੰ ਕੌਮਾਂਤਰੀ ਨਕਸ਼ੇ ’ਤੇ ਲਿਆਂਦਾ ਅਤੇ ਪਾਰਟੀ 2027 ਵਿਚ ਸੱਤਾ ਵਿਚ ਆਉਣ ’ਤੇ ਇਸ ਨੂੰ ਅਗਲੇ ਪੜਾਅ ਵੱਲ ਲੈ ਕੇ ਜਾਵੇਗੀ।

ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ, ਕਿਸਾਨਾਂ ਨੂੰ ਦਿਨ ਵੇਲੇ 12 ਘੰਟ ਬਿਜਲੀ ਸਪਲਾਈ ਖੇਤੀਬਾੜੀ ਵਾਸਤੇ ਦਿੱਤੀ ਜਾਵੇਗੀ, ਇਕ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦੇਵੇਗੀ ਅਤੇ ਇਸਦੇ ਕੇਂਦਰ ਹਰ ਜ਼ਿਲ੍ਹੇ ਵਿਚ ਹੋਣਗੇ। ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਗ੍ਰੈਜੂਏਸ਼ਨ ਪੱਧਰ ਤੱਕ ਸਿੱਖਿਆ ਮੁਫਤ ਦਿੱਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਡੇਅਰੀ ਤੇ ਪੋਲਟਰੀ ਪ੍ਰਾਜੈਕਟਾਂ ਸਮੇਤ ਪਸ਼ੂ ਪਾਲਣ ਦੇ ਧੰਦੇ ਵਾਸਤੇ ਫਾਰਮ ਖੋਲ੍ਹਣ ਲਈ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ, ਪਰਵਿੰਦਰ ਸੋਹਾਣਾ, ਸਰਬਜੀਤ ਸਿੰਘ ਝਿੰਜਰ, ਰਵਿੰਦਰ ਖੇੜਾ, ਰਾਜਿੰਦਰ ਸਿੰਘ ਵਿਰਕ ਸਨੌਰ ਤੇ ਹੋਰ ਆਗੂ ਵੀ ਮੌਜੂਦ ਸਨ।

By Gurpreet Singh

Leave a Reply

Your email address will not be published. Required fields are marked *