ਆਮ ਤੌਰ ‘ਤੇ ਲੋਕ ਇਹ ਮੰਨਦੇ ਹਨ ਕਿ ਬੈਂਕ ਖਾਤੇ ਵਿੱਚ ਰੱਖਿਆ ਉਨ੍ਹਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਨਿਕਾਸੀ ਨਹੀਂ ਹੋ ਸਕਦੀ। ਪਰ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਬੈਂਕਿੰਗ ਨਿਯਮਾਂ ਅਤੇ ਸ਼ਰਤਾਂ ਵਿੱਚ ਕੁਝ ਅਜਿਹੀਆਂ ਸਥਿਤੀਆਂ ਹਨ, ਜਿਨ੍ਹਾਂ ਤਹਿਤ ਬੈਂਕ ਤੁਹਾਡੀ ਪੂਰਵ ਸੂਚਨਾ ਤੋਂ ਬਿਨਾਂ ਵੀ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਸਕਦਾ ਹੈ। ਦਰਅਸਲ, ਖਾਤਾ ਖੋਲ੍ਹਣ ਸਮੇਂ ਹੀ ਗਾਹਕ ਕਈ ਅਜਿਹੀਆਂ ਸ਼ਰਤਾਂ ‘ਤੇ ਸਹਿਮਤੀ ਦੇ ਦਿੰਦੇ ਹਨ, ਜਿਸ ਨਾਲ ਕੁਝ ਟ੍ਰਾਂਜੈਕਸ਼ਨ ਆਟੋਮੈਟਿਕ ਹੋ ਜਾਂਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਕੱਟੇ ਜਾ ਸਕਦੇ ਹਨ ਪੈਸੇ:
- ਆਟੋ-ਪੇਅ ਅਤੇ ਸਟੈਂਡਿੰਗ ਇੰਸਟ੍ਰਕਸ਼ਨ: ਜੇਕਰ ਤੁਸੀਂ ਲੋਨ ਦੀ EMI, ਬੀਮਾ ਪ੍ਰੀਮੀਅਮ, SIP ਜਾਂ OTT ਸਬਸਕ੍ਰਿਪਸ਼ਨ (ਜਿਵੇਂ Netflix ਜਾਂ Amazon Prime) ਲਈ ‘ਆਟੋ-ਪੇਅ’ ਸੈੱਟ ਕੀਤਾ ਹੈ, ਤਾਂ ਬੈਂਕ ਤੈਅ ਮਿਤੀ ‘ਤੇ ਆਪਣੇ ਆਪ ਪੈਸੇ ਕੱਟ ਲੈਂਦਾ ਹੈ। ਇਸ ਲਈ ਹਰ ਵਾਰ ਵੱਖਰੀ ਇਜਾਜ਼ਤ ਦੀ ਲੋੜ ਨਹੀਂ ਹੁੰਦੀ।
- ਬੈਂਕ ਚਾਰਜ ਅਤੇ ਲੁਕਵੀਂ ਫੀਸ: ਬੈਂਕ ਸਰਵਿਸ ਚਾਰਜ, SMS ਅਲਰਟ ਫੀਸ, ਡੈਬਿਟ ਕਾਰਡ ਦੀ ਸਾਲਾਨਾ ਫੀਸ ਅਤੇ ATM ਟ੍ਰਾਂਜੈਕਸ਼ਨ ਚਾਰਜ ਸਿੱਧੇ ਖਾਤੇ ਵਿੱਚੋਂ ਕੱਟ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਘੱਟੋ-ਘੱਟ ਬੈਲੇਂਸ (Minimum Balance) ਨਹੀਂ ਰੱਖਿਆ ਜਾਂਦਾ, ਤਾਂ ਬੈਂਕ ਪੈਨਲਟੀ ਵੀ ਵਸੂਲਦਾ ਹੈ।
- ਲੋਨ ਅਤੇ ਕ੍ਰੈਡਿਟ ਕਾਰਡ ਦਾ ਬਕਾਇਆ: ਜੇਕਰ ਤੁਸੀਂ ਬੈਂਕ ਤੋਂ ਕੋਈ ਲੋਨ ਜਾਂ ਕ੍ਰੈਡਿਟ ਕਾਰਡ ਲਿਆ ਹੈ ਅਤੇ ਸਮੇਂ ਸਿਰ ਭੁਗਤਾਨ ਨਹੀਂ ਕੀਤਾ, ਤਾਂ ਬੈਂਕ ‘ਰਾਈਟ ਆਫ ਸੈੱਟ-ਆਫ’ ਦੇ ਤਹਿਤ ਤੁਹਾਡੇ ਦੂਜੇ ਖਾਤੇ ਵਿੱਚੋਂ ਪੈਸੇ ਕੱਟ ਸਕਦਾ ਹੈ।
- ਕਾਨੂੰਨੀ ਹੁਕਮ: ਇਨਕਮ ਟੈਕਸ ਵਿਭਾਗ ਜਾਂ ਅਦਾਲਤ ਦੇ ਹੁਕਮਾਂ ‘ਤੇ ਬੈਂਕ ਤੁਹਾਡਾ ਖਾਤਾ ਫ੍ਰੀਜ਼ ਕਰ ਸਕਦਾ ਹੈ ਜਾਂ ਬਣਦੀ ਰਕਮ ਕੱਟ ਕੇ ਸਬੰਧਤ ਵਿਭਾਗ ਨੂੰ ਭੇਜ ਸਕਦਾ ਹੈ।
ਅਣਚਾਹੀ ਕਟੌਤੀ ਤੋਂ ਕਿਵੇਂ ਬਚੀਏ?
ਮਾਹਿਰਾਂ ਅਨੁਸਾਰ, ਗਾਹਕਾਂ ਨੂੰ ਆਪਣੇ ਬੈਂਕਿੰਗ ਲੈਣ-ਦੇਣ ‘ਤੇ ਹਮੇਸ਼ਾ ਨਜ਼ਰ ਰੱਖਣੀ ਚਾਹੀਦੀ ਹੈ। ਕਿਸੇ ਵੀ ਅਣਚਾਹੀ ਕਟੌਤੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:
- ਸਟੇਟਮੈਂਟ ਦੀ ਜਾਂਚ: ਨਿਯਮਤ ਤੌਰ ‘ਤੇ ਆਪਣੀ ਬੈਂਕ ਸਟੇਟਮੈਂਟ ਅਤੇ ਟ੍ਰਾਂਜੈਕਸ਼ਨ ਰਿਮਾਰਕਸ ਚੈੱਕ ਕਰੋ।
- ਅਲਰਟ ਚਾਲੂ ਰੱਖੋ: ਆਪਣੇ ਫ਼ੋਨ ‘ਤੇ SMS ਅਤੇ ਈਮੇਲ ਨੋਟੀਫਿਕੇਸ਼ਨ ਹਮੇਸ਼ਾ ਐਕਟਿਵ ਰੱਖੋ।
- ਸ਼ਿਕਾਇਤ ਦਰਜ ਕਰੋ: ਜੇਕਰ ਬਿਨਾਂ ਵਜ੍ਹਾ ਪੈਸੇ ਕੱਟੇ ਗਏ ਹਨ, ਤਾਂ ਤੁਰੰਤ ਬੈਂਕ ਕਸਟਮਰ ਕੇਅਰ ਜਾਂ ਬ੍ਰਾਂਚ ਨਾਲ ਸੰਪਰਕ ਕਰੋ।
- ਸੋਚ-ਸਮਝ ਕੇ ਵਰਤੋ ਆਟੋ-ਪੇਅ: ਕਿਸੇ ਵੀ ਸੇਵਾ ਲਈ ਆਟੋ-ਪੇਅ ਜਾਂ ਸਟੈਂਡਿੰਗ ਇੰਸਟ੍ਰਕਸ਼ਨ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਐਕਟਿਵ ਕਰੋ।
