ਗੂਰਪ੍ਰੀਤ ਸਿੰਘ :- ਜ਼ਿਲ੍ਹਾ ਤਰਨਤਾਰਨ ਅਧੀਨ ਹੁੰਦੇ ਕਸਬਾ ਝਬਾਲ ਨੇੜੇ ਮੌਜੂਦ ਗੁਰਦੁਆਰਾ ਮਾਤਾ ਭਾਗ ਕੌਰ ਜੀ ਵਿਖੇ ਇੱਕ ਮੰਦਬੁੱਧੀ ਔਰਤ ਵੱਲੋਂ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਧਾਰਮਿਕ ਬੇਅਦਬੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਝਬਾਲ ਦੀ ਪੁਲਸ ਵੱਲੋਂ ਜਿੱਥੇ ਮੁਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉੱਥੇ ਹੀ ਉਸ ਦੇ ਖਿਲਾਫ ਬੇਅਦਬੀ ਕਰਨ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਦੇ ਹੋਏ ਪੁੱਛ-ਗਿਛ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਮਾਤਾ ਭਾਗ ਕੌਰ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਸਮੇਂ ਇਕ ਔਰਤ ਜੋ ਮੰਦਬੁੱਧੀ ਹੋਣ ਦਾ ਨਾਟਕ ਕਰ ਰਹੀ ਸੀ, ਸ੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਬਹਾਨੇ ਦਾਖਲ ਹੋਈ ਅਤੇ ਉਸ ਨੇ ਥੜਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਪਰ ਉਥੇ ਹਾਜ਼ਰ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਫੜ ਕੇ ਹੇਠਾਂ ਖਿੱਚ ਲਿਆ। ਜਦੋਂ ਕਿ ਉਕਤ ਔਰਤ ਨੇ ਅਗਲੇ ਪਾਸੇ ਪਏ ਸ਼ਸਤਰਾਂ ਵਿੱਚੋਂ ਕਿਰਪਾਨ ਵੀ ਚੁੱਕਣ ਦੀ ਕੋਸ਼ਿਸ਼ ਕੀਤੀ।ਇਸ ‘ਤੇ ਮੌਕੇ ‘ਤੇ ਤਾਇਨਾਤ ਸੇਵਾਦਾਰ ਨੇ ਉਸ ਦੀ ਤਾੜਨਾ ਕੀਤੀ। ਸੇਵਾਦਾਰ ਦਾ ਗੁੱਸਾ ਦੇਖ ਕੇ ਔਰਤ ਹੌਲੀ-ਹੌਲੀ ਖੁਦ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਸੰਗਤ ਅਤੇ ਸੇਵਾਦਾਰਾਂ ਨੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਸ ਸਾਰੀ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਸ ਸੂਚਨਾ ਤੋਂ ਬਾਅਦ ਮੌਕੇ ‘ਤੇ ਡੀਐਸਪੀ ਸਿਟੀ ਸੁਖਬੀਰ ਸਿੰਘ ਅਤੇ ਥਾਣਾ ਝਬਾਲ ਦੇ ਕਰਮਚਾਰੀ ਪਹੁੰਚੇ ਅਤੇ ਸਬੰਧਿਤ ਔਰਤ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਮਾਤਾ ਭਾਗ ਕੌਰ ਜੀ ਵਿਖੇ ਇੱਕ ਔਰਤ ਵੱਲੋਂ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਜੋ ਪੰਜਾਬ ਦੀ ਨਿਵਾਸੀ ਅਤੇ ਮੰਦਬੁੱਧੀ ਲੱਗ ਰਹੀ ਹੈ, ਜਿਸ ਦਾ ਡਾਕਟਰਾਂ ਪਾਸੋਂ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਆਪਣੇ ਪੱਧਰ ਉੱਪਰ ਸਬੰਧਿਤ ਮਹਿਲਾ ਦੀ ਪਹਿਚਾਨ ਅਤੇ ਉਸਦੇ ਵਾਰਸਾਂ ਤੱਕ ਪਹੁੰਚ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
