ਪੰਜਾਬ ਭਰ ਦੀਆਂ ਮੰਡੀਆਂ ਅੱਜ ਤੋਂ ਰਹਿਣਗੀਆਂ ਬੰਦ, ਪੜ੍ਹੋ ਕੀ ਹੈ ਕਾਰਨ

ਗੁਰਪ੍ਰੀਤ ਸਿੰਘ :- ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਬੇਰੁਖੀ ਦਿਖਾਉਣ ’ਤੇ ਪੰਜਾਬ ਭਰ ਦੀਆਂ ਮੰਡੀਆਂ ਨੂੰ ਇਸ ਸੀਜ਼ਨ ਦੌਰਾਨ 1 ਅਪ੍ਰੈਲ ਮਤਲਬ ਕਿ ਅੱਜ ਤੋਂ ਪੰਜਾਬ ਭਰ ਦੀਆਂ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੰਗਾਂ ਦੇ ਬਾਵਜੂਦ ਕੇਂਦਰ ਅਤੇ ਪੰਜਾਬ ਸਰਕਾਰਾਂ ਆੜ੍ਹਤੀਆਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕਰ ਰਹੀਆਂ, ਜਿਸ ਕਾਰਨ ਉਨ੍ਹਾ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਐਕਟ 1961 ਦੇ ਅਨੁਸਾਰ ਪੰਜਾਬ ਭਰ ਦੇ ਆੜ੍ਹਤੀਆਂ ਨੂੰ ਸਾਲ 1997 ਤੋਂ ਮੰਡੀ ’ਚ ਵਿਕਣ ਵਾਲੀ ਹਰ ਫ਼ਸਲ ’ਤੇ 2.5 ਫ਼ੀਸਦੀ ਕਮਿਸ਼ਨ ਮਿਲ ਰਿਹਾ ਸੀ ਪਰ ਕੇਂਦਰ ਸਰਕਾਰ ਨੇ ਇਸ ਰਕਮ ’ਚ ਕਟੌਤੀ ਲਗਾ ਦਿੱਤੀ ਹੈ, ਜਿਸ ਦਾ ਪੰਜਾਬ ਭਰ ਦੇ ਆੜ੍ਹਤੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਆੜ੍ਹਤੀਆਂ ਦੀਆਂ ਤਿੰਨ ਪ੍ਰਮੁੱਖ ਮੰਗਾਂ ਹਨ, ਜਿਸ ’ਚ ਆੜ੍ਹਤੀਆਂ ਨੂੰ ਪਹਿਲਾਂ ਦੀ ਤਰ੍ਹਾਂ ਖ਼ਰੀਦ ਕੀਤੀਆਂ ਗਈਆਂ ਫਸਲਾਂ ’ਤੇ 2.5 ਫ਼ੀਸਦੀ ਕਮਿਸ਼ਨ ਦਿੱਤਾ ਜਾਵੇ, ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਨੋਟਿਸ ਭੇਜ ਕੇ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਸਰਕਾਰ ਨੇ ਜੋ ਉਨ੍ਹਾਂ ਦਾ 55 ਕਰੋੜ ਰੁਪਏ ਦੇ ਈ, ਪੀ. ਐੱਫ. ਕੱਟਿਆ ਹੈ, ਉਹ ਰਾਸ਼ੀ ਤੁਰੰਤ ਰਿਲੀਜ਼ ਕਰ ਕੇ ਆੜ੍ਹਤੀਆਂ ਨੂੰ ਦਿੱਤੀ ਜਾਵੇ ਕਿਉਂਕਿ ਆੜ੍ਹਤੀਆ ਦਾ ਈ. ਪੀ. ਐੱਫ. ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

By Gurpreet Singh

Leave a Reply

Your email address will not be published. Required fields are marked *