ਚੰਡੀਗੜ੍ਹ ’ਚ ਲੱਗੇਗਾ ‘iPhone ਲੰਗਰ’, 10 ਲੋਕਾਂ ਨੂੰ ਮਿਲਣਗੇ ਮੁਫ਼ਤ iPhone 17; ਜਾਣੋ ਕੀ ਹੈ ਸ਼ਰਤ

ਚੰਡੀਗੜ੍ਹ (ਨਵਲ ਕਿਸ਼ੋਰ) : Apple iPhone 18 Pro ਅਤੇ Pro Max ਦੀ ਲਾਂਚਿੰਗ ਨੂੰ ਲੈ ਕੇ ਚਰਚਾ ਵਿਚਕਾਰ ਚੰਡੀਗੜ੍ਹ ਵਿੱਚ ਇੱਕ ਅਨੋਖੇ ‘iPhone ਲੰਗਰ’ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਪਰਸਨੈਲਿਟੀ ਰਾਕੇਸ਼ ਤ੍ਰੇਹਾਨ, ਜੋ ‘ਰਾਜਾ ਡੀ ਕਿੰਗ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਚੁਣੇ ਗਏ 10 ਲੋਕਾਂ ਨੂੰ ਮੁਫ਼ਤ iPhone ਦਿੱਤੇ ਜਾਣਗੇ।

ਰਾਕੇਸ਼ ਤ੍ਰੇਹਾਨ ਮੁਤਾਬਕ 22 ਸਤੰਬਰ ਨੂੰ iPhone ਲੰਗਰ ਦਾ ਵੰਡ ਸਮਾਗਮ ਲੋਕਾਂ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਲਾਈਵ ਕੀਤਾ ਜਾਵੇਗਾ। ਸ਼ੁਰੂਆਤੀ ਤੌਰ ’ਤੇ ਇਸ ਪ੍ਰੋਗਰਾਮ ਵਿੱਚ 1,000 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ 10 ਲੱਕੀ ਵਿਜੇਤਾਵਾਂ ਦੀ ਚੋਣ ਕੀਤੀ ਜਾਵੇਗੀ। ਫਿਲਹਾਲ ਸਿਰਫ਼ ਚੰਡੀਗੜ੍ਹ ਅਤੇ ਮੋਹਾਲੀ ਦੇ ਲੋਕਾਂ ਨੂੰ ਹੀ ਵਿਜੇਤਾ ਵਜੋਂ ਚੁਣੇ ਜਾਣ ਦੀ ਗੱਲ ਕਹੀ ਗਈ ਹੈ।

ਕਿਹੜਾ iPhone ਮਿਲੇਗਾ?

ਰਾਕੇਸ਼ ਤ੍ਰੇਹਾਨ ਨੇ ਦੱਸਿਆ ਕਿ ਸ਼ੁਰੂ ਵਿੱਚ iPhone 16, iPhone 17 ਅਤੇ ਅੱਗੇ ਆਉਣ ਵਾਲੇ ਮਾਡਲ ਵੰਡਣ ਦੀ ਯੋਜਨਾ ਸੀ। ਹਾਲਾਂਕਿ ਹੁਣ iPhone 16 ਨੂੰ ਇਸ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ ਹੈ ਅਤੇ iPhone 17 ਜਾਂ ਇਸ ਤੋਂ ਨਵੇਂ ਮਾਡਲ ਦੇਣ ਦੀ ਗੱਲ ਕੀਤੀ ਗਈ ਹੈ।

ਉਨ੍ਹਾਂ ਇਸ ਬਦਲਾਅ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਜੇਕਰ ਕਿਸੇ ਨੂੰ iPhone 16 ਮਿਲਦਾ ਤਾਂ ਉਹ ‘ਮਾਤਾ ਜੀ’ ਕੋਲ ਸ਼ਿਕਾਇਤ ਕਰ ਸਕਦਾ ਸੀ ਕਿ ਉਸਦੀ ਭਗਤੀ ਘੱਟ ਸੀ, ਇਸ ਲਈ ਉਸਨੂੰ ਪੁਰਾਣਾ ਮਾਡਲ ਮਿਲਿਆ। ਇਸੇ ਕਾਰਨ iPhone 16 ਦੇਣ ਦਾ ਵਿਚਾਰ ਛੱਡ ਦਿੱਤਾ ਗਿਆ।

ਮੁਫ਼ਤ iPhone ਲਈ ਕੀ ਹੈ ਸ਼ਰਤ?

ਮੁਫ਼ਤ iPhone ਹਾਸਲ ਕਰਨ ਦੇ ਇੱਛੁਕ ਲੋਕਾਂ ਲਈ ਇੱਕ ਖਾਸ ਸ਼ਰਤ ਰੱਖੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਗ ਲੈਣ ਵਾਲਿਆਂ ਨੂੰ ਹਰ ਰੋਜ਼ ਇੱਕ ਵਾਰ ‘ਜੈ ਮਾਤਾ ਦੀ’ ਲਿਖਣਾ ਹੋਵੇਗਾ। ਜੇਕਰ ਕੋਈ ਵਿਅਕਤੀ ਕਿਸੇ ਦਿਨ ਇਹ ਲਿਖਣਾ ਭੁੱਲ ਜਾਂਦਾ ਹੈ ਤਾਂ ਅਗਲੇ ਦਿਨ ਦੋ ਵਾਰ ਲਿਖ ਕੇ ਇਸ ਦੀ ਭਰਪਾਈ ਕਰ ਸਕਦਾ ਹੈ।

ਦੱਸਿਆ ਗਿਆ ਹੈ ਕਿ ਇਸ ਪ੍ਰਕਿਰਿਆ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਇਸੇ ਦੇ ਆਧਾਰ ’ਤੇ ਵਿਜੇਤਾਵਾਂ ਦੀ ਚੋਣ ਕੀਤੀ ਜਾਵੇਗੀ। ਜੋ ਲੋਕ ਇਸ ਸ਼ਰਤ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਨੂੰ iPhone ਨਹੀਂ ਦਿੱਤਾ ਜਾਵੇਗਾ।

ਪਹਿਲਾਂ 300 iPhone ਵੰਡਣ ਦੀ ਸੀ ਯੋਜਨਾ

ਰਾਕੇਸ਼ ਤ੍ਰੇਹਾਨ ਮੁਤਾਬਕ ਉਨ੍ਹਾਂ ਦੀ ਸ਼ੁਰੂਆਤੀ ਯੋਜਨਾ ਚੰਡੀਗੜ੍ਹ ਵਿੱਚ 100 ਅਤੇ ਮੋਹਾਲੀ ਵਿੱਚ 200 iPhone ਵੰਡਣ ਦੀ ਸੀ। ਹਾਲਾਂਕਿ ਹੁਣ ਪਹਿਲੇ ਪੜਾਅ ਵਿੱਚ 10 iPhone ਦੇਣ ਨਾਲ ਸ਼ੁਰੂਆਤ ਕੀਤੀ ਜਾ ਰਹੀ ਹੈ।

PTI ਦੀ ਰਿਪੋਰਟ ਮੁਤਾਬਕ ਅੱਗੇ ਪੰਜਾਬ ਦੇ 10 ਹੋਰ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੇ ਵੰਡ ਸਮਾਗਮ ਕਰਵਾਉਣ ਦੀ ਯੋਜਨਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵੀ ਲੋਕਾਂ ਨੂੰ ਮੁਫ਼ਤ iPhone ਦੇਣ ਦੀ ਗੱਲ ਕਹੀ ਗਈ ਹੈ।

ਹੁਣ ਸਾਰਿਆਂ ਦੀ ਨਜ਼ਰ 22 ਸਤੰਬਰ ਨੂੰ ਹੋਣ ਵਾਲੇ ਇਸ ‘iPhone ਲੰਗਰ’ ’ਤੇ ਹੈ ਕਿ ਇਸ ਵਿੱਚ ਕਿੰਨੇ ਲੋਕ ਸ਼ਾਮਲ ਹੁੰਦੇ ਹਨ ਅਤੇ 10 ਖੁਸ਼ਕਿਸਮਤ ਵਿਜੇਤਾਵਾਂ ਨੂੰ ਕਿਹੜੇ iPhone ਮਾਡਲ ਮਿਲਦੇ ਹਨ।

By Gurpreet Singh

Leave a Reply

Your email address will not be published. Required fields are marked *