ਚੰਡੀਗੜ੍ਹ ਤੋਂ ਧਨਬਾਦ ਲਈ ਮਿਲੀ ਸਮਰ ਵਿਸ਼ੇਸ਼ ਰੇਲਗੱਡੀ

ਗੁਰਪ੍ਰੀਤ ਸਿੰਘ :- ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ ਚੰਡੀਗੜ੍ਹ ਅਤੇ ਧਨਬਾਦ ਵਿਚਕਾਰ ਸਮਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਅੰਬਾਲਾ ਡਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਨਵੀਨ ਕੁਮਾਰ ਨੇ ਦੱਸਿਆ ਕਿ ਇਹ ਰੇਲਗੱਡੀ 3 ਅਪ੍ਰੈਲ ਤੋਂ 14 ਜੁਲਾਈ ਤੱਕ ਹਫ਼ਤੇ ‘ਚ ਦੋ ਦਿਨ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਰੇਲਗੱਡੀ ਲਈ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਆਨਲਾਈਨ ਅਤੇ ਟਿਕਟ ਕਾਊਂਟਰਾਂ ’ਤੇ ਉਪਲੱਬਧ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਈ ਹੋਰ ਰੂਟਾਂ ਲਈ ਰੇਲਗੱਡੀਆਂ ਦੀ ਬੇਨਤੀ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਰੇਲਗੱਡੀਆਂ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਟਰੇਨ ਨੰਬਰ 03311 ਧਨਬਾਦ ਤੋਂ ਚੰਡੀਗੜ੍ਹ ਲਈ 3 ਅਪ੍ਰੈਲ ਤੋਂ 14 ਜੁਲਾਈ ਤੱਕ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਧਨਬਾਦ ਤੋਂ ਰਾਤ 11.50 ਵਜੇ ਚੱਲੇਗੀ ਅਤੇ ਤੀਜੇ ਦਿਨ ਸਵੇਰੇ 4.30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਟਰੇਨ 1431 ਕਿਲੋਮੀਟਰ ਦੀ ਦੂਰੀ 28 ਘੰਟੇ 40 ਮਿੰਟ ਵਿਚ ਤੈਅ ਕਰੇਗੀ। ਟਰੇਨ ਨੰਬਰ 03312 ਚੰਡੀਗੜ੍ਹ-ਧਨਬਾਦ ਵਿਚਕਾਰ 5 ਅਪ੍ਰੈਲ ਤੋਂ 16 ਜੁਲਾਈ ਤੱਕ ਹਫ਼ਤੇ ਵਿਚ ਦੋ ਦਿਨ ਐਤਵਾਰ ਅਤੇ ਵੀਰਵਾਰ ਨੂੰ ਸਵੇਰੇ 6 ਵਜੇ ਚੰਡੀਗੜ੍ਹ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 9 ਵਜੇ ਧਨਬਾਦ ਪਹੁੰਚੇਗੀ। ਇਹ ਟਰੇਨ ਚੰਡੀਗੜ੍ਹ, ਅੰਬਾਲਾ ਕੈਂਟ, ਪਾਣੀਪਤ, ਦਿੱਲੀ, ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ, ਗਿਆ, ਕੋਡਰਮਾ, ਪਾਰਸਨਾਥ, ਗੋਮੋ ਜੰਕਸ਼ਨ ਤੋਂ ਬਾਅਦ ਧਨਬਾਦ ਪਹੁੰਚੇਗੀ।
ਸਾਰੇ ਕੋਚ ਹੋਣਗੇ ਥਰਡ ਏ. ਸੀ.
ਇਸ ਟਰੇਨ ਵਿਚ ਲਗਭਗ 18 ਕੋਚ ਹੋਣਗੇ, ਜਿਨ੍ਹਾਂ ਵਿਚ 16 ਥਰਡ ਏ.ਸੀ., ਇੰਜਣ ਅਤੇ ਐੱਸ.ਐੱਲ.ਆਰ. ਕੋਚ ਸ਼ਾਮਲ ਹਨ। ਜਾਣਕਾਰੀ ਅਨੁਸਾਰ ਇਹ ਰੈਕ ਪਹਿਲਾਂ ਧਨਬਾਦ-ਜੰਮੂ ਤਵੀ ਵਿਚਕਾਰ ਚਲਾਇਆ ਜਾਂਦਾ ਸੀ, ਪਰ ਹੁਣ ਬੰਦ ਕਰਕੇ ਧਨਬਾਦ-ਚੰਡੀਗੜ੍ਹ ਵਿਚਕਾਰ ਚਲਾਇਆ ਜਾ ਰਿਹਾ ਹੈ। ਥਰਡ ਏ.ਸੀ. ਦੇ ਇਕ ਕੋਚ ਵਿਚ 72 ਸੀਟਾਂ ਹੁੰਦੀਆਂ ਹਨ, ਇਸ ਲਈ ਚੰਡੀਗੜ੍ਹ ਅਤੇ ਧਨਬਾਦ ਵਿਚਕਾਰ ਚੱਲਣ ਵਾਲੀ ਵਿਸ਼ੇਸ਼ ਟਰੇਨ ਵਿਚ 1,152 ਸੀਟਾਂ ਉਪਲੱਬਧ ਹਨ।
ਹੋਰ ਟਰੇਨਾਂ ਮਿਲਣ ਦੀ ਸੰਭਾਵਨਾ
ਅੰਬਾਲਾ ਡਵੀਜ਼ਨ ਨੂੰ ਭੇਜੀਆਂ ਗਈਆਂ ਪ੍ਰਸਤਾਵਿਤ ਟਰੇਨਾਂ ਵਿਚ ਮੁੰਬਈ ਅਤੇ ਕਟਿਹਾਰ ਲਈ ਸਮਰ ਵਿਸ਼ੇਸ਼ ਟਰੇਨਾਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਇਕ ਸਮਰ ਵਿਸ਼ੇਸ਼ ਟਰੇਨ ਮਿਲੀ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਟਰੇਨਾਂ ਦਾ ਐਲਾਨ ਕੀਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *