ਗੁਰਪ੍ਰੀਤ ਸਿੰਘ :- ਪਠਾਨਕੋਟ ਦੇ ਰਹਿਣ ਵਾਲੇ ਜਸਨੂਰ ਸਿੰਘ ਨੇ ਯੂਪੀਐਸਸੀ (UPSC) ਦੀ ਸੀਡੀਐਸ-2 (CDS-2) ਪ੍ਰੀਖਿਆ ਵਿੱਚ ਅਖਿਲ ਭਾਰਤੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਸਨੂਰ ਸਿੰਘ ਨੇ ਇੰਡੀਅਨ ਏਅਰ ਫੋਰਸ ਅਕੈਡਮੀ ਅਤੇ ਇੰਡੀਅਨ ਨੇਵਲ ਅਕੈਡਮੀ ਵਿੱਚ ਪਹਿਲਾ ਰੈਂਕ, ਜਦੋਂ ਕਿ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ।
ਸਿੱਖਿਆ ਅਤੇ ਸਫ਼ਰ
ਜਸਨੂਰ ਸਿੰਘ ਦੀ ਮੁੱਢਲੀ ਸਿੱਖਿਆ ਕਾਨਵੈਂਟ ਸਕੂਲ ਪਠਾਨਕੋਟ ਤੋਂ ਹੋਈ ਅਤੇ ਫਿਰ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਸਿਖਲਾਈ ਲਈ। ਉਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਦਿਆਂ ਹੀ ਆਪਣੀ ਤਿਆਰੀ ਜਾਰੀ ਰੱਖੀ। ਜਸਨੂਰ ਦੇ ਪਿਤਾ ਦਵਿੰਦਰ ਸਿੰਘ, ਜੋ ਕਿ ਦਵਾਈਆਂ ਦੇ ਕਾਰੋਬਾਰੀ ਹਨ, ਨੇ ਦੱਸਿਆ ਕਿ ਜਸਨੂਰ ਦਾ ਬਚਪਨ ਤੋਂ ਹੀ ਭਾਰਤੀ ਰੱਖਿਆ ਸੈਨਾਵਾਂ ਵਿੱਚ ਜਾਣ ਦਾ ਸੁਪਨਾ ਸੀ।
ਅਸਫਲਤਾ ਤੋਂ ਬਾਅਦ ਮਿਲੀ ਵੱਡੀ ਸਫਲਤਾ
ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਜਸਨੂਰ ਨੇ ਦੱਸਿਆ ਕਿ ਇਹ ਸਫ਼ਰ ਪੰਜ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਪਹਿਲਾਂ NDA ਦੀ ਪ੍ਰੀਖਿਆ ਦੋ ਵਾਰ ਦਿੱਤੀ ਸੀ, ਜਿਸ ਵਿੱਚ ਲਿਖਤੀ ਪ੍ਰੀਖਿਆ ਤਾਂ ਪਾਸ ਹੋ ਗਈ ਸੀ ਪਰ ਇੰਟਰਵਿਊ ਵਿੱਚ ਉਹ ਸਫਲ ਨਹੀਂ ਹੋ ਸਕੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸੀਡੀਐਸ ਲਈ ਆਨਲਾਈਨ ਕੋਚਿੰਗ ਦੀ ਮਦਦ ਲਈ। ਦੇਹਰਾਦੂਨ ਵਿੱਚ ਤਿੰਨ ਦਿਨ ਚੱਲੇ SSB ਇੰਟਰਵਿਊ ਅਤੇ ਦਿੱਲੀ ਵਿੱਚ ਹਵਾਈ ਸੈਨਾ ਦੇ ਪਾਇਲਟ ਲਈ ਸਭ ਤੋਂ ਔਖੇ ਮੰਨੇ ਜਾਣ ਵਾਲੇ ਮੈਡੀਕਲ ਟੈਸਟ ਨੂੰ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ।
ਜਸਨੂਰ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਹਵਾਈ ਸੈਨਾ (ਏਅਰ ਫੋਰਸ) ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਦੂਜੇ ਨੌਜਵਾਨਾਂ ਨੂੰ ਵੀ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੜ੍ਹਾਈ ਦੇ ਸਮੇਂ ਪੜ੍ਹਨਾ ਅਤੇ ਖੇਡਣ ਦੇ ਸਮੇਂ ਖੇਡਣਾ ਜ਼ਰੂਰੀ ਹੈ। ਜਸਨੂਰ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ, ਅਧਿਆਪਕਾਂ ਅਤੇ ਡਾਇਰੈਕਟਰ ਮੇਜਰ ਜਨਰਲ ਐਚ.ਐਸ. ਚੌਹਾਨ ਨੂੰ ਦਿੱਤਾ ਹੈ। ਜਸਨੂਰ ਦੇ ਮਾਤਾ ਸੁਖਜੀਤ ਕੌਰ ਅਤੇ ਪਿਤਾ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ‘ਤੇ ਡੂੰਘੀ ਖੁਸ਼ੀ ਅਤੇ ਮਾਣ ਪ੍ਰਗਟਾਇਆ ਹੈ।
