ਲੁਧਿਆਣਾ ‘ਚ ਸਨਸਨੀ: ਸ਼ੱਕੀ ਹਾਲਾਤ ’ਚ ਮਹਿਲਾ ਦੀ ਮੌਤ, ਪੇਕੇ ਪਰਿਵਾਰ ਨੇ ਕਤਲ ਦਾ ਦੋਸ਼ ਲਾ ਰੁਕਵਾਇਆ ਸਸਕਾਰ

ਲੁਧਿਆਣਾ : ਸ਼ਨੀਵਾਰ ਨੂੰ ਥਾਣਾ ਡਵੀਜ਼ਨ ਨੰਬਰ 5 ਅਧੀਨ ਆਉਂਦੇ ਇਲਾਕੇ ਜਵਾਹਰ ਨਗਰ ਕੈਂਪ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਘਰ ਵਿੱਚ ਸ਼ੱਕੀ ਹਾਲਤ ਵਿੱਚ ਮਹਿਲਾ ਦੀ ਲਾਸ਼ ਪੱਖੇ ਨਾਲ ਫਾਹੇ ਨਾਲ ਲਟਕਦੀ ਮਿਲੀ। ਸਹੁਰਾ ਪਰਿਵਾਰ ਸਸਕਾਰ ਕਰਨ ਦੀ ਤਿਆਰੀ ਕਰ ਰਹੇ ਸਨ, ਇਸੇ ਦੌਰਾਨ ਮਹਿਲਾ ਦੇ ਪੇਕੇ ਪਰਿਵਾਰ ਦੇ ਲੋਕ ਮੌਕੇ ’ਤੇ ਪਹੁੰਚ ਗਏ। ਜਦੋਂ ਉਨ੍ਹਾਂ ਨੇ ਮਹਿਲਾ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦੇਖੇ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੇਕੇ ਪਰਿਵਾਰ ਦੇ ਲੋਕਾਂ ਦਾ ਦੋਸ਼ ਹੈ ਕਿ ਮਹਿਲਾ ਦਾ ਕਤਲ ਕੀਤਾ ਗਿਆ ਹੈ ਅਤੇ ਉਸ ਦੀ ਲਾਸ਼ ਨੂੰ ਬਾਅਦ ਵਿੱਚ ਲਟਕਾਇਆ ਗਿਆ ਹੈ। ਪੁਲਸ ਨੇ ਕਾਰਵਾਈ ਕਰਦੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮਹਿਲਾ ਦੀ ਪਛਾਣ ਹਰਜਿੰਦਰ ਕੌਰ ਉਰਫ਼ ਰਾਣੀ (48) ਵਜੋਂ ਕੀਤੀ ਹੈ। ਪੁਲਸ ਨੇ ਕਾਰਵਾਈ ਕਰਦਿਆਂ ਮਹਿਲਾ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੇਕੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਹਰਜਿੰਦਰ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਦਾ ਕਤਲ ਕਰ ਸਕਦੇ ਹਨ। ਮ੍ਰਿਤਕ ਮਹਿਲਾ ਦੇ ਜੀਜਾ ਰਾਜੀਵ ਕੁਮਾਰ ਨੇ ਦੱਸਿਆ ਕਿ ਉਸ ਦੀ ਸਾਲੀ ਹਰਜਿੰਦਰ ਕੌਰ ਤਿੰਨ ਦਿਨ ਪਹਿਲਾਂ ਹੀ ਪਿੰਡ ਤੋਂ ਪਰਤੀ ਸੀ। ਉਹ ਪਹਿਲਾਂ ਹੀ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਉਸ ਨੇ ਦੱਸਿਆ ਸੀ ਕਿ ਉਸ ਦਾ ਪਤੀ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦਾ ਹੈ ਤੇ ਉਸ ਨਾਲ ਕੁੱਟਮਾਰ ਕਰਦਾ ਹੈ ਪਰ ਪਰਿਵਾਰ ਦੇ ਲੋਕਾਂ ਨੇ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਹਰਜਿੰਦਰ ਦਾ ਕਹਿਣਾ ਸੀ ਕਿ ਉਸ ਦੇ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਸਬੰਧ ਹਨ ਅਤੇ ਉਹ ਅਕਸਰ ਇਸੇ ਵਜ੍ਹਾ ਕਰਕੇ ਉਸ ਨੂੰ ਤਲਾਕ ਲੈਣ ਦੀ ਧਮਕੀ ਦਿੰਦਾ ਸੀ।

ਇਸੇ ਗੱਲ ਨੂੰ ਲੈ ਕੇ ਕਈ ਵਾਰ ਵਿਵਾਦ ਹੋਇਆ ਸੀ। ਉਸ ਦਾ ਪਤੀ ਲਗਾਤਾਰ ਹਰਜਿੰਦਰ ਨੂੰ ਪਰੇਸ਼ਾਨ ਕਰਦਾ ਸੀ। ਹਰਜਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਦੇ ਲੋਕਾਂ ਨੇ ਫ਼ੋਨ ਕਰਕੇ ਬਸ ਇੰਨਾ ਹੀ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ ਪਰ ਜਦੋਂ ਉਹ ਮੌਕੇ ”ਤੇ ਪਹੁੰਚੇ ਤਾਂ ਸਹੁਰੇ ਪਰਿਵਾਰ ਦੇ ਲੋਕ ਉਸ ਦੇ ਸਸਕਾਰ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸੇ ਗੱਲ ਨੂੰ ਲੈ ਕੇ ਉਸ ਦੇ ਸਹੁਰੇ ਪਰਿਵਾਰ ਦੇ ਲੋਕਾਂ ਨਾਲ ਵਿਵਾਦ ਹੋ ਗਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਐਤਵਾਰ ਨੂੰ ਡਾਕਟਰਾਂ ਦੇ ਬੋਰਡ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *