ਡੇਰਾਬੱਸੀ ਦੀ ਸਿਆਸਤ ‘ਚ ਬਿੱਟੂ ਦੇ ਬਿਆਨ ਨਾਲ ਹਲਚਲ, ਗੁਰਦਰਸ਼ਨ ਸਿੰਘ ਸੈਣੀ ਨੂੰ ਲੈ ਕੇ ਦਿੱਤੇ ਵੱਡੇ ਸੰਕੇਤ

ਜ਼ੀਰਕਪੁਰ /23 ਮਈ (2026) (ਗੁਰਪ੍ਰੀਤ ਸਿੰਘ) : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਹਲਕਾ ਡੇਰਾਬੱਸੀ ਦੇ ਸਿਆਸੀ ਮੈਦਾਨ ਵਿੱਚ ਉਸ ਵੇਲੇ ਵੱਡੀ ਹਲਚੱਲ ਹੋ ਗਈ, ਜਦੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਲਕੇ ਦੇ ਸੀਨੀਅਰ ਭਾਜਪਾ ਆਗੂ ਸ. ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਕਰਵਾਏ ਗਏ ਵੱਖ-ਵੱਖ ਚੋਣ ਪ੍ਰੋਗਰਾਮਾਂ ਵਿੱਚ ਮੁੱਖ ਤੌਰ ‘ਤੇ ਹਾਜ਼ਰੀ ਭਰੀ। ਇਸ ਦੌਰਾਨ ਰਵਨੀਤ ਬਿੱਟੂ ਨੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਵਿਰੋਧੀਆਂ ਨੂੰ ਕਰੜੇ ਹੱਥੀਂ ਲਿਆ ਅਤੇ ਜਨਤਾ ਨੂੰ ਭਾਜਪਾ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ।

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗੁਰਦਰਸ਼ਨ ਸਿੰਘ ਸੈਣੀ ਦੀ ਦੇਖ-ਰੇਖ ਹੇਠ ਕਰਵਾਏ ਗਏ ਪ੍ਰੋਗਰਾਮਾਂ ਦੌਰਾਨ ਵੱਖ-ਵੱਖ ਵਾਰਡਾਂ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਾਰਡ ਨੰਬਰ 13 ਤੋਂ ਉਮੀਦਵਾਰ ਹਰਜੀਤ ਸਿੰਘ ਮਿੰਟਾ, ਵਾਰਡ ਨੰਬਰ 14 ਤੋਂ ਉਨ੍ਹਾਂ ਦੀ ਪਤਨੀ ਸਵਰਨ ਕੌਰ ਅਤੇ ਵਾਰਡ ਨੰਬਰ 5 ਤੋਂ ਉਮੀਦਵਾਰ ਨੇਹਾ ਸ਼ਰਮਾ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਨਾਲ ਜੁੜਨ ਦਾ ਸੱਦਾ ਦਿੱਤਾ।

ਆਪਣੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਬਿੱਟੂ ਸੈਣੀ ਪਰਿਵਾਰ ਦੀਆਂ ਸੇਵਾਵਾਂ ਦੀ ਤਾਰੀਫ ਕਰਦਿਆਂ ਭਾਵੁਕ ਵੀ ਨਜ਼ਰ ਆਏ। ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਸੈਣੀ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰ ਦਾ ਪਿਛਲੀਆਂ ਤਿੰਨ ਪੀੜ੍ਹੀਆਂ ਦਾ ਗੂੜ੍ਹਾ ਨਾਤਾ ਹੈ। ਜਦੋਂ ਮੇਰੇ ਦਾਦਾ ਸਵ. ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਗੁਰਦਰਸ਼ਨ ਸਿੰਘ ਸੈਣੀ ਦੇ ਪਿਤਾ ਇੰਜ ਗੁਰਨਾਮ ਸਿੰਘ ਸੈਣੀ ਨੂੰ ਬੀਤ ਇਲਾਕੇ ਵਿੱਚ ਪਾਣੀ ਦੀ ਭਾਰੀ ਕਿੱਲਤ ਦੂਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਗੁਰਨਾਮ ਸਿੰਘ ਸੈਣੀ ਨੇ ਉਸ ਮੁਸ਼ਕਿਲ ਦੌਰ ਵਿੱਚ ਦਿਨ-ਰਾਤ ਇੱਕ ਕਰਕੇ ਇਲਾਕੇ ਵਿੱਚ ਡੂੰਘੇ ਟਿਊਬਵੈੱਲ ਲਗਵਾਏ ਅਤੇ ਲੋਕਾਂ ਦੀ ਪਿਆਸ ਬੁਝਾ ਕੇ ਪਾਣੀ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਗੁਰਦਰਸ਼ਨ ਸਿੰਘ ਦੇ ਪੁੱਤਰ ਹਰਦੀਪ ਸਿੰਘ ਸੈਣੀ ਉਨ੍ਹਾਂ ਦੇ ਜਮਾਤੀ ਹਨ ਤੇ ਉਹ ਚੰਡੀਗੜ੍ਹ ਇਕੱਠੇ ਪੜ੍ਹਦੇ ਰਹੇ।

ਇਸ ਦੌਰਾਨ ਰਵਨੀਤ ਬਿੱਟੂ ਨੇ ਇੱਕ ਅਜਿਹਾ ਸਿਆਸੀ ਬਿਆਨ ਦਿੱਤਾ ਜਿਸ ਨੇ ਹਲਕੇ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਨਾਇਬ ਸਿੰਘ ਸੈਣੀ ਨੂੰ ਅੱਗੇ ਲਿਆ ਕੇ ਸੈਣੀ ਸਮਾਜ ਨੂੰ ਵੱਡਾ ਮਾਣ ਦਿੱਤਾ ਹੈ ਅਤੇ ਹੁਣ ਹਲਕਾ ਡੇਰਾਬੱਸੀ ਦੀ ਵਾਰੀ ਹੈ। ਬਿੱਟੂ ਦੇ ਇਸ ਬਿਆਨ ਨੂੰ ਸਿਆਸੀ ਮਾਹਿਰਾਂ ਵੱਲੋਂ ਹਲਕਾ ਡੇਰਾਬੱਸੀ ਵਿੱਚ ਗੁਰਦਰਸ਼ਨ ਸਿੰਘ ਸੈਣੀ ਨੂੰ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਕੋਈ ਵੱਡੀ ਅਤੇ ਮੁੱਖ ਤਰਜੀਹ ਦੇਣ ਦੇ ਸਾਫ ਇਸ਼ਾਰੇ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਮੌਕੇ ਸ. ਗੁਰਦਰਸ਼ਨ ਸਿੰਘ ਸੈਣੀ ਅਤੇ ਹਰਦੀਪ ਸਿੰਘ ਸੈਣੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਪੂਰੀ ਮਜ਼ਬੂਤੀ ਨਾਲ ਉੱਤਰੀ ਹੈ ਅਤੇ ਵਿਰੋਧੀ ਧਿਰਾਂ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰਦਰਸ਼ਨ ਸਿੰਘ ਸੈਣੀ ਅਤੇ ਉਮੀਦਵਾਰਾਂ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਮੌਜ਼ੂਦ ਸਨ।

By Gurpreet Singh

Leave a Reply

Your email address will not be published. Required fields are marked *