ਗੁਰਪ੍ਰੀਤ ਸਿੰਘ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਦਿਨੋ-ਦਿਨ ਗੰਭੀਰ ਹੁੰਦੇ ਨਸ਼ੇ ਦੇ ਮੁੱਦੇ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਸੂਬੇ ਵਿੱਚ ਹੁਣ ਨਸ਼ਿਆਂ ਦੀ ‘ਹੋਮ ਡਿਲਿਵਰੀ’ ਹੋ ਰਹੀ ਹੈ, ਜੋ ਇੱਥੋਂ ਦੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਲਈ ਬਹੁਤ ਵੱਡਾ ਖ਼ਤਰਾ ਹੈ।
ਜਥੇਦਾਰ ਗੜਗੱਜ ਸ਼ੁੱਕਰਵਾਰ ਨੂੰ ਫ਼ਰੀਦਕੋਟ ਵਿਖੇ ਪਹੁੰਚੇ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੇ ਸਵਾਗਤ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸਥਾਨਕ ਸ਼ਰਧਾਲੂਆਂ ਵੱਲੋਂ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਸਿੱਖ ਕੌਮ ਨੂੰ ਦਰਪੇਸ਼ ਸਮਾਜਿਕ, ਸੱਭਿਆਚਾਰਕ ਅਤੇ ਆਬਾਦੀ ਨਾਲ ਸਬੰਧਤ ਅਹਿਮ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥ ਆਮ ਘਰੇਲੂ ਸਾਮਾਨ ਵਾਂਗ ਆਸਾਨੀ ਨਾਲ ਉਪਲਬਧ ਹੋ ਰਹੇ ਹਨ। ਉਨ੍ਹਾਂ ਇਸ ਲਾਹਨਤ ਨੂੰ ਠੱਲ੍ਹ ਪਾਉਣ ਲਈ ਸਮਾਜਿਕ ਪੱਧਰ ਤੇ ਤੁਰੰਤ ਵੱਡੇ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਜਥੇਦਾਰ ਨੇ ਸਿੱਖ ਜੋੜਿਆਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ 3 ਬੱਚੇ ਪੈਦਾ ਕਰਨ, ਤਾਂ ਜੋ ਪੰਜਾਬ ਵਿੱਚ ਸਿੱਖ ਵਿਰਸੇ, ਪਛਾਣ ਅਤੇ ਕੌਮ ਦੀ ਹੋਂਦ ਨੂੰ ਮਜ਼ਬੂਤ ਰੱਖਿਆ ਜਾ ਸਕੇ। ਇਸ ਸਮਾਗਮ ਦੌਰਾਨ ਧਾਰਮਿਕ ਤੇ ਸਥਾਨਕ ਆਗੂਆਂ ਨੇ ਨਸ਼ਿਆਂ ਵਿਰੁੱਧ ਇੱਕਜੁੱਟ ਹੋਣ, ਨੌਜਵਾਨਾਂ ਨੂੰ ਆਪਣੇ ਪੰਜਾਬ ਨਾਲ ਜੋੜੀ ਰੱਖਣ ਅਤੇ ਮੀਰੀ-ਪੀਰੀ ਦੇ ਸਿਧਾਂਤਾਂ ’ਤੇ ਚੱਲਣ ਦਾ ਸੁਨੇਹਾ ਦਿੱਤਾ।
