ਕਾਂਗਰਸ ਨੇ ਅਸਾਮ ’ਚ UCC ਲਾਗੂ ਕਰਨ ਦੀ ਕੋਸ਼ਿਸ਼ ’ਤੇ BJP ਨੂੰ ਘੇਰਿਆ

ਕਾਂਗਰਸ ਸੰਸਦ ਮੈਂਬਰ ਜੇਬੀ ਮਾਥਰ ਨੇ ਮੰਗਲਵਾਰ ਨੂੰ ਅਸਾਮ ਵਿੱਚ ਯੂਨੀਫਾਰਮ ਸਿਵਲ ਕੋਡ (UCC) ਲਾਗੂ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਭਾਜਪਾ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹੌਲੀ-ਹੌਲੀ ਆਪਣੇ ਵਿਚਾਰਧਾਰਕ ਐਜੰਡੇ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਬੀ ਮਾਥਰ ਨੇ ਕਿਹਾ ਕਿ ਭਾਜਪਾ ਦਾ ਮੂਲ ਉਦੇਸ਼ ਦੇਸ਼ ਭਰ ਵਿੱਚ ਯੂਸੀਸੀ ਲਾਗੂ ਕਰਨਾ ਹੈ ਅਤੇ ਅਸਾਮ ਵਿੱਚ ਹੋ ਰਹੀ ਕਾਰਵਾਈ ਉਸੇ ਦੀ ਇੱਕ ਕੜੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਕਦਮ-ਦਰ-ਕਦਮ ਆਪਣੇ ਮਨਪਸੰਦ ਕਾਨੂੰਨਾਂ ਨੂੰ ਲਾਗੂ ਕਰ ਰਹੀ ਹੈ ਅਤੇ ਇਹ ਸਿਰਫ਼ ਇੱਕ “ਟੈਸਟ ਡੋਜ਼” ਵਾਂਗ ਹੈ। ਮਾਥਰ ਨੇ ਦੋਸ਼ ਲਗਾਇਆ ਕਿ ਭਾਜਪਾ ਸੰਵਿਧਾਨ ਦੀ ਆਤਮਾ ’ਤੇ ਵਿਸ਼ਵਾਸ ਨਹੀਂ ਕਰਦੀ ਅਤੇ ਇਸ ਕਰਕੇ ਵੱਖ-ਵੱਖ ਰਾਜਾਂ ਵਿੱਚ ਯੂਸੀਸੀ ਵਰਗੇ ਕਾਨੂੰਨਾਂ ਨੂੰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕੇਂਦਰ ਸਰਕਾਰ ਇਸਨੂੰ ਸੰਸਦ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕਰ ਸਕਦੀ ਹੈ, ਪਰ ਲੋਕਾਂ ਦਾ ਮੰਡੇਟ ਅਜਿਹੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਵੇਗਾ।

ਜੇਬੀ ਮਾਥਰ ਨੇ ਕਿਹਾ ਕਿ ਭਾਰਤ ਵਿਭਿੰਨਤਾਵਾਂ ਦਾ ਦੇਸ਼ ਹੈ, ਜਿੱਥੇ ਹਰ ਧਰਮ ਦੇ ਆਪਣੇ ਰਿਵਾਜ, ਪਰੰਪਰਾਵਾਂ ਅਤੇ ਵਿਸ਼ਵਾਸ ਹਨ। ਉਨ੍ਹਾਂ ਦੇ ਮੁਤਾਬਕ, ਸਰਕਾਰ ਨੂੰ ਧਾਰਮਿਕ ਅਤੇ ਨਿੱਜੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਨਿੱਜੀ ਕਾਨੂੰਨ ਧਾਰਮਿਕ ਖੇਤਰ ਵਿੱਚ ਹੀ ਰਹਿਣੇ ਚਾਹੀਦੇ ਹਨ ਅਤੇ ਸਰਕਾਰ ਨੂੰ ਉਨ੍ਹਾਂ ’ਤੇ ਨਿਯੰਤਰਣ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਕਾਂਗਰਸ ਸੰਸਦ ਮੈਂਬਰ ਨੇ ਅਸਾਮ ਵਿੱਚ ਹੋਈ ਡਿਲੀਮੀਟੇਸ਼ਨ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਹਲਕਿਆਂ ਦੀ ਨਵੀਂ ਵੰਡ ਸਿਆਸੀ ਫਾਇਦੇ ਲਈ ਕੀਤੀ ਗਈ ਹੈ। ਮਾਥਰ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਦੇਸ਼ ਦੀ ਵਿਭਿੰਨਤਾ ਅਤੇ ਸੰਵਿਧਾਨਕ ਢਾਂਚੇ ਦੀ ਰੱਖਿਆ ਲਈ ਆਪਣਾ ਸਟੈਂਡ ਜਾਰੀ ਰੱਖੇਗੀ।

ਦੂਜੇ ਪਾਸੇ, ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਵਿਧਾਨ ਸਭਾ ਵਿੱਚ ਯੂਸੀਸੀ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਕਾਨੂੰਨ ਘੱਟਗਿਣਤੀ ਭਾਈਚਾਰਿਆਂ ਦੀਆਂ ਮਹਿਲਾਵਾਂ ਨੂੰ ਨਿਆਂ ਅਤੇ ਸੁਰੱਖਿਆ ਦੇਣ ਲਈ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਕਰਨ ਦੀ ਬਜਾਏ ਸਮਾਜਿਕ ਨਿਆਂ ਨੂੰ ਪਹਿਲ ਦੇ ਰਹੀ ਹੈ। ਸਰਮਾ ਨੇ ਦਾਅਵਾ ਕੀਤਾ ਕਿ ਯੂਸੀਸੀ ਮਹਿਲਾਵਾਂ ਦੇ ਹੱਕਾਂ ਦੀ ਰੱਖਿਆ ਲਈ ਜ਼ਰੂਰੀ ਹੈ।

ਯੂਸੀਸੀ ਨੂੰ ਲੈ ਕੇ ਭਾਜਪਾ ਅਤੇ ਵਿਰੋਧੀ ਧਿਰਾਂ ਵਿਚਾਲੇ ਸਿਆਸੀ ਟਕਰਾਅ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਜਿੱਥੇ ਭਾਜਪਾ ਇਸਨੂੰ ਸਮਾਨਤਾ ਅਤੇ ਸਮਾਜਿਕ ਨਿਆਂ ਨਾਲ ਜੋੜ ਰਹੀ ਹੈ, ਉੱਥੇ ਵਿਰੋਧੀ ਪਾਰਟੀਆਂ ਇਸਨੂੰ ਧਾਰਮਿਕ ਆਜ਼ਾਦੀ ਅਤੇ ਦੇਸ਼ ਦੀ ਵਿਭਿੰਨਤਾ ’ਤੇ ਹਮਲਾ ਕਰਾਰ ਦੇ ਰਹੀਆਂ ਹਨ।

ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਯੂਸੀਸੀ ਦਾ ਮੁੱਦਾ ਰਾਸ਼ਟਰੀ ਸਿਆਸਤ ਵਿੱਚ ਹੋਰ ਗਰਮ ਹੋ ਸਕਦਾ ਹੈ ਅਤੇ ਇਹ ਵੱਡਾ ਚੋਣੀ ਮੁੱਦਾ ਵੀ ਬਣ ਸਕਦਾ ਹੈ।

By Rajeev Sharma

Leave a Reply

Your email address will not be published. Required fields are marked *