ਗੁਰਪ੍ਰੀਤ ਸਿੰਘ :- ਜ਼ੀਰਕਪੁਰ-ਪਟਿਆਲਾ ਰੋਡ ‘ਤੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਇੱਕ ਹੈਰਾਨ ਕਰਨ ਵਾਲੀ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਅਣਪਛਾਤਾ ਬਦਮਾਸ਼ ਅੱਧੀ ਰਾਤ ਨੂੰ ਘਰ ਦੇ ਦਰਵਾਜ਼ਾ ਨੂੰ ਧੱਕਾ ਮਾਰ ਕੇ ਅੰਦਰ ਦਾਖਲ ਹੋਇਆ ਅਤੇ ਆਪਣੇ ਪਰਿਵਾਰ ਨਾਲ ਗਹਿਰੀ ਨੀਂਦ ਵਿੱਚ ਸੁੱਤੀ ਕਰੀਬ 8 ਸਾਲਾ ਮਾਸੂਮ ਬੱਚੀ ਨੂੰ ਚੁੱਕ ਕੇ ਲੈ ਗਿਆ। ਖੁਸ਼ਕਿਸਮਤੀ ਨਾਲ ਸਥਾਨਕ ਲੋਕਾਂ ਦੀ ਸੂਝਬੂਝ ਅਤੇ ਬੱਚੀ ਦੀ ਹਿੰਮਤ ਸਦਕਾ ਕਰੀਬ 45 ਮਿੰਟ ਬਾਅਦ ਬੱਚੀ ਸੁਰੱਖਿਅਤ ਬਰਾਮਦ ਕਰ ਲਈ ਗਈ, ਜਿਸ ਨਾਲ ਇੱਕ ਵੱਡੀ ਅਣਹੋਣੀ ਟਲ ਗਈ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਫੁਟੇਜ ਵਿੱਚ ਇੱਕ ਨੌਜਵਾਨ ਬੱਚੀ ਨੂੰ ਆਪਣੇ ਮੋਢੇ ‘ਤੇ ਚੁੱਕ ਕੇ ਲੈ ਜਾਂਦਾ ਸਾਫ਼ ਨਜ਼ਰ ਆ ਰਿਹਾ ਹੈ। ਪੀੜਤ ਬੱਚੀ ਦੇ ਪਿਤਾ ਸਿਕੰਦਰ ਰਾਵ ਅਤੇ ਭਰਾ ਭਰਤ ਨੇ ਦੱਸਿਆ ਕਿ ਉਹ ਪਟਿਆਲਾ ਰੋਡ ਸਥਿਤ ਪੰਜਾਬੀ ਜੁੱਤੀ ਸਟੋਰ ਦੇ ਪਿੱਛੇ ਬਣੇ ਮਕਾਨ ਵਿੱਚ ਰਹਿੰਦੇ ਹਨ। ਰਾਤ ਕਰੀਬ ਢਾਈ ਵਜੇ ਇੱਕ ਅਣਪਛਾਤਾ ਵਿਅਕਤੀ ਘਰ ਦੀ ਕਮਜ਼ੋਰ ਕੁੰਡੀ ਨੂੰ ਧੱਕਾ ਮਾਰ ਕੇ ਅੰਦਰ ਦਾਖਲ ਹੋਇਆ ਅਤੇ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਫਰਾਰ ਹੋ ਗਿਆ। ਕਰੀਬ 15 ਮਿੰਟ ਬਾਅਦ ਜਦੋਂ ਪਿਤਾ ਦੀ ਅੱਖ ਖੁੱਲ੍ਹੀ ਤਾਂ ਬਿਸਤਰੇ ‘ਤੇ ਬੱਚੀ ਨੂੰ ਨਾ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ।
ਪਰਿਵਾਰ ਵੱਲੋਂ ਰੌਲਾ ਪਾਉਣ ‘ਤੇ ਗੁਆਂਢੀ ਇਕੱਠੇ ਹੋ ਗਏ ਅਤੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਅਗਵਾ ਕਰਨ ਵਾਲਾ ਬੱਚੀ ਨੂੰ ਲੈ ਕੇ ਪਟਿਆਲਾ ਰੋਡ ‘ਤੇ ਫੌਜੀ ਢਾਬੇ ਸਾਹਮਣੇ ਬਣੇ ਸ਼ਰਾਬ ਦੇ ਠੇਕੇ ਦੇ ਪਿੱਛੇ ਪਹੁੰਚ ਗਿਆ। ਉੱਥੇ ਮੌਜੂਦ ਇੱਕ ਕੋਠੀ ਮਾਲਕ ਨੂੰ ਬੱਚੀ ਨਾਲ ਜਾ ਰਿਹਾ ਵਿਅਕਤੀ ਸ਼ੱਕੀ ਲੱਗਾ, ਜਿਸ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੱਚੀ ਨੇ ਹਿੰਮਤ ਦਿਖਾਉਂਦਿਆਂ ਰੋਂਦਿਆਂ ਦੱਸਿਆ ਕਿ ਇਹ ਵਿਅਕਤੀ ਉਸ ਨੂੰ ਘਰ ਤੋਂ ਚੁੱਕ ਕੇ ਲਿਆਇਆ ਹੈ।
ਇਹ ਸੁਣਦੇ ਹੀ ਸਥਾਨਕ ਵਿਅਕਤੀ ਨੇ ਰੌਲਾ ਪਾ ਦਿੱਤਾ ਅਤੇ ਅਗਵਾ ਕਰਨ ਵਾਲੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਘਿਰਦਾ ਦੇਖ ਕੇ ਦੋਸ਼ੀ ਬੱਚੀ ਨੂੰ ਉੱਥੇ ਹੀ ਛੱਡ ਕੇ ਹਨੇਰੇ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਫਰਾਰ ਹੋ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਮਾਸੂਮ ਬੱਚੀ ਨੂੰ ਆਪਣੇ ਮਾਤਾ-ਪਿਤਾ ਦਾ ਮੋਬਾਈਲ ਨੰਬਰ ਯਾਦ ਸੀ। ਸ਼ੱਕੀ ਹਾਲਾਤ ਨੂੰ ਦੇਖਣ ਵਾਲੇ ਵਿਅਕਤੀ ਨੇ ਤੁਰੰਤ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕਰੀਬ ਸਵਾ ਤਿੰਨ ਵਜੇ ਪੁਲਿਸ ਦੀ ਮੌਜੂਦਗੀ ਵਿੱਚ ਬੱਚੀ ਨੂੰ ਸੁਰੱਖਿਅਤ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਬੱਚੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਸ ਵਿਅਕਤੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਫਿਲਹਾਲ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।
