ਗੁਰਪ੍ਰੀਤ ਸਿੰਘ :- ਪੱਟੀ ਕੋਰਟ ਕੰਪਲੈਕਸ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕੋਰਟ ਕੰਪਲੈਕਸ ਦੇ ਗੇਟ ਨੰਬਰ-2 ‘ਤੇ ਸੁਰੱਖਿਆ ਡਿਊਟੀ ਨਿਭਾ ਰਹੇ ਪੰਜਾਬ ਪੁਲਿਸ ਦੇ ਇਕ ਏਐੱਸਆਈ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਗੰਭੀਰ ਰੂਪ ‘ਚ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜ਼ਖ਼ਮੀ ਪੁਲਿਸ ਮੁਲਾਜ਼ਮ ਦੀ ਪਛਾਣ ਏਐੱਸਆਈ ਗੁਰਮੀਤ ਸਿੰਘ ਵਾਸੀ ਪਿੰਡ ਸੈਦਪੁਰ ਵਜੋਂ ਹੋਈ ਹੈ ਜੋ ਅੱਜ ਸਵੇਰੇ ਕਰੀਬ 10 ਵਜੇ ਕੋਰਟ ਕੰਪਲੈਕਸ ਪੱਟੀ ਦੇ ਗੇਟ ਨੰਬਰ-2 ‘ਤੇ ਸੁਰੱਖਿਆ ਡਿਊਟੀ ਨਿਭਾ ਰਹੇ ਸਨ। ਇਸ ਦੌਰਾਨ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਮੌਜੂਦ ਲੋਕਾਂ ਤੇ ਪੁਲਿਸ ਮੁਲਾਜ਼ਮਾਂ ‘ਚ ਹਫੜਾ-ਦਫੜੀ ਮਚ ਗਈ।
ਸਾਥੀ ਪੁਲਿਸ ਮੁਲਾਜ਼ਮਾਂ ਵੱਲੋਂ ਗੁਰਮੀਤ ਸਿੰਘ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫਿਲਹਾਲ ਗੋਲ਼ੀ ਮਾਰਨ ਦੇ ਕਾਰਨਾਂ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਹੋ ਸਕਿਆ। ਪੁਲਿਸ ਵੱਲੋਂ ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਦਮ ਕਿਹੜੇ ਹਾਲਾਤ ‘ਚ ਚੁੱਕਿਆ ਗਿਆ।
ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਖ਼ਮੀ ਏਐੱਸਆਈ ਦਾ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਦੀ ਰਿਪੋਰਟ ਤੇ ਜਾਂਚ ਤੋਂ ਬਾਅਦ ਹੀ ਘਟਨਾ ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਘਟਨਾ ਨਾਲ ਕੋਰਟ ਕੰਪਲੈਕਸ ਅਤੇ ਇਲਾਕੇ ‘ਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
