ਗੁਰਪ੍ਰੀਤ ਸਿੰਘ :- ਨੀਟ ਯੂ. ਜੀ. ਪ੍ਰੀਖਿਆ ਨੂੰ ਲੈ ਕੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆਰਥੀਆਂ ਲਈ ਜ਼ਰੂਰੀ ਨਿਯਮ ਤੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪ੍ਰੀਖਿਆ ਦੁਪਹਿਰ 2 ਵਜੇ ਸ਼ੁਰੂ ਹੋਵੇਗੀ, ਜਿਸ ਲਈ ਕੇਂਦਰ ‘ਚ ਐਂਟਰੀ ਅੱਧਾ ਘੰਟਾ ਪਹਿਲਾਂ ਮਤਲਬ ਕਿ ਦੁਪਹਿਰ 1:30 ਵਜੇ ਤੱਕ ਹੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਆਉਣ ਵਾਲੇ ਕਿਸੇ ਵੀ ਪ੍ਰੀਖਿਆਰਥੀ ਨੂੰ ਪ੍ਰਵੇਸ਼ ਨਹੀਂ ਮਿਲੇਗਾ। ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਤੇ ਤੂਫ਼ਾਨ ਦੀ ਸੰਭਾਵਨਾ ਨੂੰ ਦੇਖਦੇ ਐੱਨ. ਟੀ. ਏ. ਨੇ ਪ੍ਰੀਖਿਆਰਥੀਆਂ ਨੂੰ ਮੌਸਮ ਦਾ ਹਾਲ ਦੇਖ ਕੇ ਸਮੇਂ ਤੋਂ ਕਾਫ਼ੀ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪਹੁੰਚਣ ਦੀ ਸਲਾਹ ਦਿੱਤੀ ਹੈ। ਪ੍ਰੀਖਿਆ ਕੇਂਦਰ ਦੇ ਅੰਦਰ ਮੋਬਾਇਲ ਫ਼ੋਨ, ਬਲੂਟੁੱਥ, ਮਾਈਕ੍ਰੋਫ਼ੋਨ, ਕੈਲਕੁਲੇਟਰ, ਘੜੀ, ਇਲੈਕਟ੍ਰਾਨਿਕ ਗੈਜੇਟਸ, ਜਿਓਮੈਟਰੀ ਜਾਂ ਪੈਨਸਿਲ ਬਾਕਸ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਐਗਜ਼ਾਮ ਹਾਲ ‘ਚ ਕੋਈ ਵੀ ਖਾਣ ਵਾਲੀ ਚੀਜ਼ ਲੈ ਕੇ ਜਾਣ ਜਾਂ ਜਿਊਲਰੀ ਪਹਿਨ ਕੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰੀਖਿਆਰਥੀਆਂ ਨੂੰ ਰਫ਼ ਕੰਮ ਸਿਰਫ਼ ਉੱਤਰ ਪੱਤ੍ਰਿਕਾ ‘ਚ ਹੀ ਕਰਨਾ ਹੋਵੇਗਾ, ਅਜਿਹਾ ਨਾ ਕਰਨ ’ਤੇ ਉਹ ਚੈੱਕ ਨਹੀਂ ਹੋਵੇਗਾ। ਪ੍ਰੀਖਿਆ ਦੌਰਾਨ ਟਾਇਲਟ ਬ੍ਰੇਕ ਲੈਣ ’ਤੇ ਪ੍ਰੀਖਿਆਰਥੀ ਦੀ ਦੁਬਾਰਾ ਚੈਕਿੰਗ ਕੀਤੀ ਜਾਵੇਗੀ, ਹਾਲਾਂਕਿ ਪ੍ਰੀਖਿਆ ਦੇ ਪਹਿਲੇ ਤੇ ਆਖ਼ਰੀ 30 ਮਿੰਟਾਂ ‘ਚ ਟਾਇਲਟ ਬ੍ਰੇਕ ਨਹੀਂ ਮਿਲੇਗੀ।
ਓ. ਐੱਮ. ਆਰ. ਸ਼ੀਟ ਭਰਨ ਲਈ ਜ਼ਰੂਰੀ ਨਿਯਮ
ਪ੍ਰੀਖਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਆਪਣਾ ਰੋਲ ਨੰਬਰ, ਪੇਪਰ ਕੋਡ ਤੇ ਕੁਐਸ਼ਚਨ ਪੇਪਰ ਬੁੱਕਲੇਟ ਨੰਬਰ ਬਹੁਤ ਧਿਆਨਪੂਰਵਕ ਭਰਨਾ ਹੋਵੇਗਾ। ਸ਼ੀਟ ’ਤੇ ਕਟਿੰਗ, ਓਵਰਰਾਈਟਿੰਗ ਜਾਂ ਇਰੇਜ਼ਿੰਗ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਐੱਨ. ਟੀ. ਏ. ਵੱਲੋਂ ਜਾਰੀ ਨਿਯਮਾਂ ਦੀ ਸੂਚੀ ਇਸ ਤਰ੍ਹਾਂ ਹੈ-
ਕੀ ਕਰੋ
ਪ੍ਰੀਖਿਆ ਕੇਂਦਰ ’ਤੇ ਦਿੱਤੇ ਸਿਰਫ਼ ਕਾਲੇ ਬਾਲ ਪੁਆਇੰਟ ਪੈੱਨ ਦੀ ਹੀ ਵਰਤੋਂ ਕਰੋ।
ਗੋਲੇ ਨੂੰ ਪੂਰੀ ਤਰ੍ਹਾਂ ਅਤੇ ਗੂੜ੍ਹਾ ਭਰੋ।
ਹਰ ਸਵਾਲ ਲਈ ਸਿਰਫ਼ ਇਕ ਹੀ ਬਦਲ ਚੁਣੋ।
ਨਿਸ਼ਾਨ ਲਗਾਉਣ ਤੋਂ ਪਹਿਲਾਂ ਸਵਾਲ ਨੰਬਰ ਨੂੰ ਧਿਆਨ ਨਾਲ ਮਿਲਾ ਲਓ।
ਆਪਣੀ ਓ.ਐੱਮ.ਆਰ. ਸ਼ੀਟ ਨੂੰ ਸਾਫ਼-ਸੁਥਰਾ ਰੱਖੋ।
ਕੀ ਨਾ ਕਰੋ
ਸ਼ੀਟ ’ਤੇ ਟਿਕ (✓) ਜਾਂ ਕਰਾਸ (✗) ਦੇ ਨਿਸ਼ਾਨ ਨਾ ਲਗਾਓ।
ਅੱਧੇ-ਅਧੂਰੇ ਭਰੇ ਹੋਏ ਗੋਲੇ ਨਾ ਛੱਡੋ।
ਇਕ ਤੋਂ ਵੱਧ ਜਵਾਬਾਂ ’ਤੇ ਨਿਸ਼ਾਨ ਲਗਾਉਣ ਤੋਂ ਬਚੋ।
ਸ਼ੀਟ ’ਤੇ ਦੁਬਾਰਾ ਕੋਈ ਓਵਰਰਾਈਟਿੰਗ ਨਾ ਕਰੋ ਅਤੇ ਉਸ ਨੂੰ ਗੰਦਾ ਨਾ ਕਰੋ।
