ਗੁਰਪ੍ਰੀਤ ਸਿੰਘ :- ਜਲੰਧਰ ‘ਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਪਿੰਡ ਕਿਸ਼ਨਗੜ੍ਹ ਨੇੜੇ ਜੰਮੂ ਨੈਸ਼ਨਲ ਹਾਈਵੇਅ ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਫੌਜੀ ਦਾ ਪੂਰਾ ਪਰਿਵਾਰ ਉੱਜੜ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਜਾਣਕਾਰੀ ਅਨੁਸਾਰ, ਇਸ ਖੌਫਨਾਕ ਹਾਦਸੇ ਵਿੱਚ ਫੌਜੀ ਸਮੇਤ ਉਸਦਾ ਬੱਚਾ, ਪਤਨੀ ਤੇ ਮਾਤਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਫੌਜੀ ਛੁੱਟੀ ਲੈ ਕੇ ਘਰ ਆਇਆ ਸੀ ਅਤੇ ਆਪਣੇ ਪਰਿਵਾਰ ਨਾਲ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਦਰਸ਼ਨਾਂ ਲਈ ਜਾ ਰਿਹਾ ਸੀ। ਇਸ ਦੌਰਾਨ ਪਿੰਡ ਕਿਸ਼ਨਗੜ੍ਹ ਨੇੜੇ ਜੰਮੂ ਨੈਸ਼ਨਲ ਹਾਈਵੇਅ ‘ਤੇ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਸੰਤੁਲਨ ਗੁਆ ਬੈਠੀ ਅਤੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਆ ਰਹੀ ਕਾਰ ਵਿੱਚ ਜਾ ਵੱਜੀ।
ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਜਿਥੇ ਹਾਦਸੇ ਵਿੱਚ ਫੌਜੀ ਦੀ ਕਾਰ ਪੂਰੀ ਚਕਨਾਚੂਰ ਹੋ ਗਈ, ਉਥੇ ਮ੍ਰਿਤਕਾਂ ਦੀਆਂ ਲਾਸ਼ਾਂ ਵੀ ਬੁਰੀ ਹਾਲਤ ਵਿੱਚ ਸਨ।
ਪੁਲਿਸ ਨੇ ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
