ਰਣਜੀਤ ਐਵੇਨਿਊ ਸਨੂਕਰ ਸੈਂਟਰ ‘ਚ ਨੌਜਵਾਨ ‘ਤੇ ਹਮਲੇ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ; ਦੋ ਮੁਲਜ਼ਮ ਗ੍ਰਿਫ਼ਤਾਰ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਇੱਕ ਨੌਜਵਾਨ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੀਤੇ ਦਿਨੀਂ ਰਣਜੀਤ ਐਵੀਨਿਊ ਦੇ ਬੀ-ਬਲਾਕ ਸਥਿਤ ਇੱਕ ਸਨੂਕਰ ਸੈਂਟਰ ਵਿੱਚ ਹੋਏ ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਸੀ।

ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਵਨੀਲਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਰਣਜੀਤ ਐਵੀਨਿਊ ਦੇ ਐਸਐਚਓ ਵੱਲੋਂ ਤੁਰੰਤ ਟੀਮਾਂ ਗਠਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਨੇ ਸਿਰਫ਼ 24 ਘੰਟਿਆਂ ਦੇ ਅੰਦਰ ਹੀ ਦੋ ਮੁੱਖ ਮੁਲਜ਼ਮਾਂ ਸਾਹਿਲ ਅਤੇ ਰਿਤਿਕ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਕਿ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਨ। ਏਡੀਸੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪੀੜਤ ਪ੍ਰਯਾਸ ਸ਼ਰਮਾ ਅਤੇ ਦੋਸ਼ੀਆਂ ਵਿਚਾਲੇ ਲਗਭਗ ਦੋ ਮਹੀਨੇ ਪਹਿਲਾਂ ਸ਼ਕਤੀ ਨਗਰ ਸਥਿਤ ਇੱਕ ਸਨੂਕਰ ਸੈਂਟਰ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ।

ਉਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਹਮਲਾ ਕੀਤਾ ਗਿਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਾਇਰਲ ਵੀਡੀਓ ਵਿੱਚ ਜੋ ਹਥਿਆਰ ਦਿਖਾਈ ਦੇ ਰਿਹਾ ਹੈ, ਉਹ ਕੋਈ ਅਸਲੀ ਹਥਿਆਰ ਨਹੀਂ, ਸਗੋਂ ਇੱਕ ਟੁਆਏ ਪਿਸਤੌਲ ਹੈ। ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹਮਲੇ ਦੌਰਾਨ ਪ੍ਰਯਾਸ ਸ਼ਰਮਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੀ ਇੱਕ ਉਂਗਲੀ ਵੀ ਕੱਟੀ ਗਈ। ਘਟਨਾ ਤੋਂ ਬਾਅਦ ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਏਡੀਸੀਪੀ ਵਨੀਲਾ ਨੇ ਕਿਹਾ ਕਿ ਪੰਜਾਬ ਪੁਲਿਸ ਤੇ ਅੰਮ੍ਰਿਤਸਰ ਪੁਲਿਸ ਹਰ ਗੰਭੀਰ ਅਪਰਾਧ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਘਟਨਾ ਨੂੰ ਗਲਤ ਅਫਵਾਹਾਂ ਨਾਲ ਨਾ ਜੋੜਣ ਅਤੇ ਅਪਰਾਧ-ਮੁਕਤ ਸਮਾਜ ਦੀ ਸਿਰਜਣਾ ਲਈ ਪੁਲਿਸ ਦਾ ਸਹਿਯੋਗ ਕਰਨ।

By Gurpreet Singh

Leave a Reply

Your email address will not be published. Required fields are marked *