ਭਾਰਤ ’ਚ ਖੇਡਿਆ ਜਾਵੇਗਾ ਆਸਟ੍ਰੇਲੀਆਈ ਟੀ-20 ਲੀਗ ਦਾ ਉਦਘਾਟਨੀ ਮੈਚ, ਪੀਐਮ ਮੋਦੀ ਨੇ ਕੀਤਾ ਐਲਾਨ

ਰਾਜੀਵ ਸ਼ਰਮਾ :- ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਸਟ੍ਰੇਲੀਆ ਦੌਰੇ ਦੇ ਤੀਜੇ ਅਤੇ ਆਖਰੀ ਦਿਨ ਦੁਨੀਆ ਦੇ ਸਭ ਤੋਂ ਇਤਿਹਾਸਕ ਕ੍ਰਿਕਟ ਮੈਦਾਨਾਂ ਵਿੱਚੋਂ ਇੱਕ ਮੈਲਬੌਰਨ ਕ੍ਰਿਕਟ ਗਰਾਊਂਡ (MCG) ਦਾ ਦੌਰਾ ਕੀਤਾ। ਇਸ ਵਿਸ਼ੇਸ਼ ਦੌਰੇ ‘ਤੇ ਉਨ੍ਹਾਂ ਦੇ ਨਾਲ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਆਸਟ੍ਰੇਲੀਆਈ ਪੁਰਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਵਾ ਵੀ ਮੌਜੂਦ ਸਨ।

ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਹਿਯੋਗ ਵਧਾਉਣ ਲਈ ਇੱਕ ਇਤਿਹਾਸਕ ਫੈਸਲਾ ਲਿਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਆਸਟ੍ਰੇਲੀਆਈ ਟੀ-20 ਲੀਗ ਦਾ ਉਦਘਾਟਨੀ ਮੈਚ ਭਾਰਤ ‘ਚ ਖੇਡਿਆ ਜਾਵੇਗਾ। ਇਸ ਸਾਲ ਦਸੰਬਰ ਵਿੱਚ, ਆਸਟ੍ਰੇਲੀਆ ਦੀ ਪ੍ਰਸਿੱਧ ਅਤੇ ਵੱਡੀ ਟੀ-20 ਲੀਗ, ਬਿਗ ਬੈਸ਼ ਲੀਗ (BBL) ਦਾ ਉਦਘਾਟਨੀ ਮੈਚ ਚੇਨਈ ਵਿੱਚ ਹੋਵੇਗਾ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਵਿਦੇਸ਼ੀ ਕ੍ਰਿਕਟ ਲੀਗ ਦਾ ਮੈਚ ਭਾਰਤ ਦੀ ਧਰਤੀ ‘ਤੇ ਹੋਵੇਗਾ। ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੈਲਬੌਰਨ ਰੇਨੇਗੇਡਜ਼ ਅਤੇ ਪਰਥ ਸਕੋਰਚਰਜ਼ ਭਾਰਤ ‘ਚ ਐਮਏ ਚਿਦੰਬਰਮ ਸਟੇਡੀਅਮ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਆਸਟ੍ਰੇਲੀਆਈ ਘਰੇਲੂ ਕ੍ਰਿਕਟ ਮੈਚ ਭਾਰਤੀ ਧਰਤੀ ‘ਤੇ ਖੇਡਿਆ ਜਾਵੇਗਾ।

ਦੱਸ ਦਈਏ ਕਿ ਇਸ ਪ੍ਰੋਜੈਕਟ ‘ਤੇ ਕਈ ਮਹੀਨਿਆਂ ਤੋਂ ਕੰਮ ਕੀਤਾ ਜਾ ਰਿਹਾ ਸੀ। ਫਰਵਰੀ ਵਿੱਚ, ਸੀਨੀਅਰ ਅਧਿਕਾਰੀ ਫਿਲ ਰਿਗਬੀ ਅਤੇ ਮਾਰਗੋਟ ਹਾਰਲੇ ਨੇ ਸਮੀਖਿਆ ਲਈ ਚੇਨਈ, ਭਾਰਤ ਦਾ ਦੌਰਾ ਕੀਤਾ ਸੀ। ਬਾਅਦ ਵਿੱਚ ਪੰਜ ਮੈਂਬਰੀ ਸੀਏ ਵਫ਼ਦ ਨੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਸਹੂਲਤਾਂ ਦਾ ਨਿਰੀਖਣ ਕਰਨ ਅਤੇ ਬੀਸੀਸੀਆਈ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਚੇਨਈ ਦਾ ਦੌਰਾ ਕੀਤਾ। ਬੀਸੀਸੀਆਈ ਅਤੇ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਨੇ ਪ੍ਰਸਤਾਵ ਪ੍ਰਤੀ ਸਕਾਰਾਤਮਕ ਹੁੰਗਾਰਾ ਦਿੱਤਾ ਸੀ, ਜਿਸ ਨਾਲ ਸੀਏ ਨੂੰ ਯੋਜਨਾਵਾਂ ਨਾਲ ਅੱਗੇ ਵਧਣ ਦਾ ਵਿਸ਼ਵਾਸ ਮਿਲਿਆ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਬਾਅਦ ਬਿਗ ਬੈਸ਼ ਲੀਗ (BBL) ਦਾ ਉਦਘਾਟਨੀ ਮੈਚ ਚੇਨਈ ਵਿੱਚ ਹੋਵੇਗਾ।

By Gurpreet Singh

Leave a Reply

Your email address will not be published. Required fields are marked *