ਬਿਸ਼ਨੋਈ ਗੈਂਗ ਦੇ ਨਾਂ ‘ਤੇ 1.5 ਲੱਖ ਡਾਲਰ ਦੀ ਫਿਰੌਤੀ ਮੰਗਣ ਵਾਲਾ ਵਿਨੀਪੈਗ ਤੋਂ ਗ੍ਰਿਫ਼ਤਾਰ

ਰਾਜੀਵ ਸ਼ਰਮਾ :- ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਕਿੰਗਜ਼ ਬੈਂਚ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਤੋਂ ਇੱਕ ਬੇਹੱਦ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਵਿਨੀਪੈਗ ਦੇ ਇੱਕ 36 ਸਾਲਾ ਨੌਜਵਾਨ ’ਤੇ ਭਾਰਤ-ਅਧਾਰਿਤ ਪ੍ਰਮੁੱਖ ਅਪਰਾਧਿਕ ਸੰਗਠਨ ‘ਬਿਸ਼ਨੋਈ ਗੈਂਗ’ ਦੇ ਨਾਂ ’ਤੇ ਸਥਾਨਕ ਦੱਖਣੀ ਏਸ਼ੀਆਈ ਮੂਲ ਦੇ ਵਿਅਕਤੀ ਤੋਂ 1.5 ਲੱਖ ਕੈਨੇਡੀਅਨ ਡਾਲਰ (ਕਰੀਬ 90 ਲੱਖ ਰੁਪਏ) ਦੀ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ।

ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਸਤੰਬਰ 2025 ਵਿੱਚ ਬਿਸ਼ਨੋਈ ਗੈਂਗ ਨੂੰ ਇੱਕ ਅਤਿਵਾਦੀ ਇਕਾਈ ਵਜੋਂ ਘੋਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੈੱਟਵਰਕ ਨਾਲ ਜੁੜਿਆ ਇਹ ਸੂਬੇ ਦਾ ਪਹਿਲਾ ਵੱਡਾ ਮਾਮਲਾ ਮੰਨਿਆ ਜਾ ਰਿਹਾ ਹੈ।

ਅਦਾਲਤੀ ਰਿਕਾਰਡ ਅਨੁਸਾਰ, ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਬਰਾੜ ਵਜੋਂ ਹੋਈ ਹੈ। ਦੋਸ਼ ਹਨ ਕਿ ਬਰਾੜ ਨੇ ਲੰਘੀ 14 ਫਰਵਰੀ 2026 ਨੂੰ ਇੱਕ ਪੇ-ਫ਼ੋਨ ਰਾਹੀਂ ਪੀੜਤ ਨੂੰ ਕਾਲ ਕੀਤੀ। ਮਹਿਜ਼ 28 ਸਕਿੰਟ ਦੀ ਇਸ ਕਾਲ ਦੌਰਾਨ ਉਸ ਨੇ ਖ਼ੁਦ ਨੂੰ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਿਆਂ ਪੀੜਤ ਦੇ ਪਰਿਵਾਰਕ ਮੈਂਬਰਾਂ, ਬੱਚਿਆਂ ਅਤੇ ਭਾਰਤ ਰਹਿੰਦੇ ਭਰਾ ਬਾਰੇ ਨਿੱਜੀ ਜਾਣਕਾਰੀ ਹੋਣ ਦਾ ਦਾਅਵਾ ਕੀਤਾ।

ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇ ਰਕਮ ਨਾ ਮਿਲੀ ਤਾਂ ਕੈਨੇਡਾ ਵਿੱਚ ਗੋਲ਼ੀਬਾਰੀ ਕਰਵਾ ਦਿੱਤੀ ਜਾਵੇਗੀ, ਕਿਉਂਕਿ ਇੱਥੇ ਸ਼ੂਟਰ ਲੱਭਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਕਾਲ ਤੋਂ ਬਾਅਦ ਪੀੜਤ ਨੂੰ ਹਿੰਦੀ ਵਿੱਚ ਲਿਖਿਆ ਇੱਕ ਪੱਤਰ ਵੀ ਮਿਲਿਆ, ਜਿਸ ਵਿੱਚ ਪੈਸੇ ਟਰਾਂਸ-ਕੈਨੇਡਾ ਹਾਈਵੇਅ ਨੇੜੇ ਪੋਰਟੇਜ ਲਾ ਪ੍ਰੇਰੀ ਕੋਲ ਨਿਰਧਾਰਿਤ ਪੱਥਰਾਂ ਦੇ ਪਿੱਛੇ ਰੱਖਣ ਦੀ ਹਦਾਇਤ ਕੀਤੀ ਗਈ ਸੀ। ਚਿੱਠੀ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ ਪੁਲੀਸ ਨੂੰ ਸੂਚਿਤ ਕਰਨ ਜਾਂ ਦੇਰੀ ਕਰਨ ’ਤੇ ਰਕਮ ਦੁੱਗਣੀ ਕਰ ਦਿੱਤੀ ਜਾਵੇਗੀ।

ਪੀੜਤ ਨੇ ਡਰ ਕੇ ਘਬਰਾਉਣ ਦੀ ਬਜਾਏ ਪੀੜਤ ਨੇ ਵਿਨੀਪੈਗ ਪੁਲੀਸ ਤੱਕ ਪਹੁੰਚ ਕੀਤੀ। ਪੁਲੀਸ ਨੇ ਇੱਕ ਗੁਪਤ ਯੋਜਨਾ ਤਹਿਤ ਨਕਲੀ ਨੋਟਾਂ ਦਾ ਪੈਕੇਜ ਤਿਆਰ ਕਰਕੇ 2 ਮਾਰਚ ਨੂੰ ਦੱਸੀ ਗਈ ਜਗ੍ਹਾ ’ਤੇ ਰੱਖ ਦਿੱਤਾ। ਜਿਵੇਂ ਹੀ ਬਰਾੜ ਆਪਣਾ ਟਰੱਕ ਲੈ ਕੇ ਉੱਥੇ ਪਹੁੰਚਿਆ ਅਤੇ ਪੈਕੇਜ ਚੁੱਕਿਆ, ਪੁਲੀਸ ਨੇ ਮੁਸਤੈਦੀ ਦਿਖਾਉਂਦੇ ਹੋਏ ਹੈਡਿੰਗਲੀ ਨੇੜੇ ਘੇਰਾਬੰਦੀ ਕਰਕੇ ਉਸ ਨੂੰ ਦਬੋਚ ਲਿਆ।

ਵੀਡੀਓ ਰਿਕਾਰਡ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਸ ਨੇ ਇਹ ਸਭ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਦੇ ਇਸ਼ਾਰੇ ’ਤੇ ਕੀਤਾ ਸੀ।

ਫ਼ਿਲਹਾਲ ਇਹ ਮਾਮਲਾ ਮੈਨੀਟੋਬਾ ਦੇ ਡਾਇਰੈਕਟਰ ਆਫ਼ ਕ੍ਰਿਮਿਨਲ ਪ੍ਰਾਪਰਟੀ ਫੋਰ ਫ਼ੀਚਰ ਵੱਲੋਂ ਅਦਾਲਤ ਵਿੱਚ ਲਿਜਾਇਆ ਗਿਆ ਹੈ, ਜਿਸ ਤਹਿਤ ਅਪਰਾਧ ਵਿੱਚ ਵਰਤੇ ਗਏ ਟਰੱਕ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਅਦਾਲਤ ਵਿੱਚ ਇਹ ਦੋਸ਼ ਅਜੇ ਸਾਬਤ ਹੋਣੇ ਬਾਕੀ ਹਨ ਅਤੇ ਕੇਸ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਤੈਅ ਕੀਤੀ ਗਈ ਹੈ।

Advertisement 

ਕੈਨੇਡੀਅਨ ਸੰਘੀ ਸਰਕਾਰ ਮੁਤਾਬਕ, ਬਿਸ਼ਨੋਈ ਗੈਂਗ ਇੱਕ ਅਜਿਹਾ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ ਜੋ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਰਹਿ ਰਹੇ ਦੱਖਣੀ ਏਸ਼ੀਆਈ ਭਾਈਚਾਰੇ, ਉਦਯੋਗਪਤੀਆਂ ਅਤੇ ਸਭਿਆਚਾਰਕ ਹਸਤੀਆਂ ਨੂੰ ਨਿਸ਼ਾਨਾ ਬਣਾ ਕੇ ਜਬਰਨ ਵਸੂਲੀ, ਗੋਲੀਬਾਰੀ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ।

ਇਸ ਮਾਮਲੇ ਬਾਰੇ ਜਦੋਂ ਆਰਸੀਐਮਪੀ ਅਤੇ ਵਿਨੀਪੈਗ ਪੁਲੀਸ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਸੰਗਠਿਤ ਅਪਰਾਧਿਕ ਗਰੁੱਪਾਂ ਦੀਆਂ ਸਰਗਰਮੀਆਂ ‘ਤੇ ਕੋਈ ਵੀ ਅਧਿਕਾਰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਨਾਜਾਇਜ਼ ਫ਼ਾਇਦਾ ਚੁੱਕਣ ਵਾਲੇ ਅਤੇ ਧੋਖਾਧੜੀ ਕਰਨ ਵਾਲੇ ਲੋਕਾਂ  ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਰ ਸਖਤ ਕੀਤੀ ਜਾਵੇਗੀ।

By Rajeev Sharma

Leave a Reply

Your email address will not be published. Required fields are marked *