ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਆਏ ਦਿਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਅਤੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਸਥਾਨਕ ਸਕੂਲਾਂ ਨੂੰ ਇੱਕ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਜਿਸ ਵਿੱਚ 17 ਜੁਲਾਈ ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਅਲੱਗ-ਅਲੱਗ ਥਾਵਾਂ ’ਤੇ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਧਮਕੀ ਭਰੀ ਮੇਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲੀਸ ਹਾਈ ਅਲਰਟ ਤੇ ਹਨ।
ਮੋਹਾਲੀ ਅਤੇ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਭੇਜੀ ਗਈ ਇਸ ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ 17 ਜੁਲਾਈ ਨੂੰ ਸਥਾਨਕ ਸਕੂਲਾਂ, ਮੋਹਾਲੀ ਮੇਅਰ ਦੇ ਦਫ਼ਤਰ ਅਤੇ ਜਲੰਧਰ-ਚੰਡੀਗੜ੍ਹ ਰੇਲਵੇ ਸਟੇਸ਼ਨਾਂ ’ਤੇ ਆਈ.ਈ.ਡੀ. (IED) ਧਮਾਕੇ ਕੀਤੇ ਜਾਣਗੇ। ਮੇਲ ਭੇਜਣ ਵਾਲੇ ਨੇ ਧਮਕੀ ਦਿੱਤੀ ਹੈ ਕਿ 17 ਜੁਲਾਈ ਨੂੰ ਦੁਪਹਿਰ 1:11 ਵਜੇ ਸਕੂਲਾਂ ਵਿੱਚ ਅਤੇ ਦੁਪਹਿਰ 3:11 ਵਜੇ ਮੋਹਾਲੀ ਮੇਅਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਐਲਾਨਾਂ ਲਈ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਦੌਰੇ ਤੇ ਆ ਰਹੇ ਹਨ।
