18 ਤੱਕ ਸਤਾਏਗੀ ਹੁੰਮਸ ਭਰੀ ਗਰਮੀ, ਫਿਰ ਭਾਰੀ ਬਾਰਿਸ਼ ਦਾ ਅਲਰਟ

ਗੁਰਪ੍ਰੀਤ ਸਿੰਘ :- ਪੰਜਾਬ ਸਮੇਤ ਪੂਰੇ ਉੱਤਰ ਭਾਰਤ ਨੂੰ ਕਵਰ ਕਰ ਚੁੱਕਾ ਮੌਨਸੂਨ ਕੁਝ ਦਿਨਾਂ ਦੌਰਾਨ ਚੰਗੀ ਬਾਰਿਸ਼ ਤੋਂ ਬਾਅਦ ਸੁਸਤ ਪੈ ਗਿਆ ਹੈ। ਇਸ ਕਾਰਨ ਹੁਣ ਸੂਬੇ ਦੇ ਬਹੁਤੇ ਜ਼ਿਲ੍ਹਿਆਂ ਨੂੰ ਕੁਝ ਦਿਨਾਂ ਤੱਕ ਹੁੰਮਸ ਭਰੀ ਗਰਮੀ ਸਤਾਏਗੀ। 18 ਜੁਲਾਈ ਤੋਂ ਬਾਅਦ ਹੀ ਕੁਝ ਰਾਹਤ ਦੀ ਉਮੀਦ ਹੈ। ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ 19 ਤੋਂ 20 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਖ਼ਾਸ ਤੌਰ ’ਤੇ ਜੰਮੂ ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ’ਚ ਭਾਰੀ ਬਾਰਿਸ਼ ਹੋਵੇਗੀ। 27 ਜੁਲਾਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੱਧਮ ਤੇ ਕਈ ਥਾਈੰ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਇਸੇ ਦੌਰਾਨ ਪੰਜਾਬ ’ਚ ਮੰਗਲਵਾਰ ਨੂੰ ਵੀ ਕਈ ਜ਼ਿਲ੍ਹਿਆਂ ਬਾਰਿਸ਼ ਹੋਈ। ਗੁਰਦਾਸਪੁਰ ’ਚ 52.8 ਮਿਲੀਮੀਟਰ, ਚੰਡੀਗੜ੍ਹ 0.4, ਹੁਸ਼ਿਆਰਪੁਰ ’ਚ 1.0 ਮਿਲਮੀਟਰ ਬਾਰਿਸ਼ ਦਰਜ ਕੀਤੀ ਗਈ।

ਮੌਸਮ ਵਿਭਾਗ ਪੀਏਯੂ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਇਸ ਸਮੇਂ ਮੌਨਸੂਨੀ ਪ੍ਰਣਾਲੀ ਕਮਜ਼ੋਰ ਚੱਲ ਰਹੀ ਹੈ। ਇਸ ਕਾਰਨ ਜਿਸ ਕਾਰਨ ਲਗਾਤਾਰ ਬਾਰਿਸ਼ ਦੀ ਸੰਭਾਵਨਾ ਘੱਟ ਹੈ। ਸਥਾਨਕ ਪੱਧਰ ’ਤੇ ਬੱਦਲ ਬਣਨ ਕਾਰਨ ਕਿਤੇ-ਕਿਤੇ ਤੇਜ਼ ਹਵਾ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਬੰਗਾਲ ਦੀ ਖਾੜੀ ’ਚ ਨਵਾਂ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਜੇਕਰ ਇਹ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਤਾਂ ਕਰੀਬ 18 ਜੁਲਾਈ ਤੋਂ ਬਾਅਦ ਮੌਨਸੂਨ ਮੁੜ ਸਰਗਰਮ ਹੋ ਸਕਦਾ ਹੈ ਤੇ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਬਾਰਿਸ਼ ਦੀ ਸਰਗਰਮੀ ਵਧ ਸਕਦੀ ਹੈ।

ਪੰਜਾਬ ਦੇ ਕਿਸਾਨਾਂ ਲਈ ਇਹ ਸਮਾਂ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਝੋਨੇ ਸਮੇਤ ਹੋਰ ਸਾਉਣੀ ਦੀਆਂ ਫ਼ਸਲਾਂ ਨੂੰ ਇਸ ਵੇਲੇ ਪਾਣੀ ਦੀ ਲੋੜ ਹੁੰਦੀ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਜਿੱਥੇ ਬਾਰਿਸ਼ ਘੱਟ ਰਹੇ, ਉੱਥੇ ਕਿਸਾਨ ਲੋੜ ਅਨੁਸਾਰ ਸਿੰਚਾਈ ਜਾਰੀ ਰੱਖਣ ਤੇ ਖੇਤਾਂ ’ਚ ਪਾਣੀ ਦੀ ਨਿਕਾਸੀ ਦਾ ਵੀ ਧਿਆਨ ਰੱਖਣ ਤਾਂ ਜੋ ਅਚਾਨਕ ਭਾਰੀ ਮੀਂਹ ਪੈਣ ਦੀ ਸਥਿਤੀ ’ਚ ਫ਼ਸਲਾਂ ਨੂੰ ਨੁਕਸਾਨ ਨਾ ਹੋਵੇ। ਸਮੁੱਚੇ ਤੌਰ ‘ਤੇ ਵੇਖਿਆ ਜਾਵੇ ਤਾਂ ਅਗਲੇ ਕੁਝ ਦਿਨਾਂ ਵਿਚ ਪੰਜਾਬ ਵਿਚ ਮੌਨਸੂਨ ਪੂਰੀ ਤਰ੍ਹਾਂ ਗੈਰ-ਸਰਗਰਮ ਨਹੀਂ ਰਹੇਗਾ, ਪਰ ਇਸ ਦੀ ਤੀਬਰਤਾ ਘੱਟ ਰਹਿਣ ਦੀ ਸੰਭਾਵਨਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿਚ ਛਿਟਪੁਟ ਬਾਰਿਸ਼ ਜਾਰੀ ਰਹਿ ਸਕਦੀ ਹੈ, ਜਦਕਿ ਮਹੀਨੇ ਦੇ ਦੂਜੇ ਪੱਖ ਵਿਚ ਮੌਨਸੂਨ ਮੁੜ ਰਫ਼ਤਾਰ ਫੜ ਸਕਦਾ ਹੈ।

By Gurpreet Singh

Leave a Reply

Your email address will not be published. Required fields are marked *