ਗੁਰਪ੍ਰੀਤ ਸਿੰਘ :- ਹੁਸ਼ਿਆਰਪੁਰ ਦੇ ਪਿੰਡ ਆਨੰਦਗੜ੍ਹ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਮੌਜੂਦਾ ਸਰਪੰਚ ਸਤਪਾਲ ਸਿੰਘ ਮਿੰਟਾ (55) ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਮੰਗਲਵਾਰ ਰਾਤ ਕਰੀਬ 8 ਵਜੇ ਵਾਪਰੀ ਦੱਸੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਹਮਲਾਵਰ ਕਿਸੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸਰਪੰਚ ਦੇ ਘਰ ਪਹੁੰਚੇ। ਉਨ੍ਹਾਂ ਨੇ ਪਹਿਲਾਂ ਸਤਪਾਲ ਸਿੰਘ ਮਿੰਟਾ ਨੂੰ ਆਪਣੀ ਗੱਡੀ ਨਾਲ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਸਰਪੰਚ ‘ਤੇ ਗੱਡੀ ਚਾੜ ਦਿੱਤੀ। ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਦੋਸ਼ ਲਾਏ ਕਿ ਜਦੋਂ ਸਰਪੰਚ ਦਾ ਪੁੱਤਰ ਆਪਣੇ ਜ਼ਖਮੀ ਪਿਤਾ ਨੂੰ ਹਸਪਤਾਲ ਲੈ ਜਾ ਰਿਹਾ ਸੀ ਤਾਂ ਇੱਕ ਬੋਲੇਰੋ ਕਾਰ ਨੇ ਉਸਦਾ ਰਸਤਾ ਰੋਕ ਲਿਆ ਅਤੇ ਪਰਿਵਾਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਿਸੇ ਤਰ੍ਹਾਂ ਸਰਪੰਚ ਦਾ ਪੁੱਤ ਕਾਰ ਨੂੰ ਸਿੱਧਾ ਥਾਣੇ ਲੈ ਗਿਆ। ਉਸ ਤੋਂ ਬਾਅਦ ਉਹ ਹਸਪਤਾਲ ਪਹੁੰਚਿਆ, ਪਰ ਉਦੋਂ ਤੱਕ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਅਨੁਸਾਰ ਹਮਲਾਵਰਾਂ ਦੀ ਗਿਣਤੀ ਲਗਭਗ 20 ਸੀ ਉਹ ਦੋ ਕਾਰਾਂ ਅਤੇ ਕਈ ਮੋਟਰ-ਸਾਈਕਲਾਂ ‘ਤੇ ਸਵਾਰ ਹੋ ਕੇ ਆਏ ਸਨ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਸਿਟੀ ਕੁਲਭੂਸ਼ਣ ਸ਼ਰਮਾ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਪੰਚ ਦੀ ਹੱਤਿਆ ਇੱਕ ਵਾਹਨ ਨਾਲ ਹੋਈ ਹੈ। ਕਤਲ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ।
