ਗੁਰਪ੍ਰੀਤ ਸਿੰਘ :- ਫਿਲੌਰ ਨੇੜੇ ਜੀ.ਟੀ. ਰੋਡ ‘ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਲੁਧਿਆਣਾ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਦਾ ਚੱਲਦੇ ਸਮੇਂ ਅਚਾਨਕ ਟਾਇਰ ਫੱਟ ਗਿਆ। ਟਾਇਰ ਫਟਣ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇੱਕ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਲਾਂਕਿ ਬੱਸ ਵਿੱਚ ਸਵਾਰ ਹੋਰ ਕਰੀਬ 45 ਯਾਤਰੀ ਵੱਡੇ ਹਾਦਸੇ ਤੋਂ ਬਚ ਗਏ।
ਇਹ ਘਟਨਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੱਟੀਆਂ ਨੇੜੇ ਵਾਪਰੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ।
ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਯਾਤਰੀ ਨੂੰ 108 ਐਂਬੂਲੈਂਸ ਰਾਹੀਂ ਤੁਰੰਤ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ। ਇਸ ਦੇ ਨਾਲ ਹੀ ਮਾਮਲੇ ਦੀ ਜਾਣਕਾਰੀ ਥਾਣਾ ਫਿਲੌਰ ਦੀ ਪੁਲਿਸ ਨੂੰ ਵੀ ਦਿੱਤੀ ਗਈ ਅਤੇ ਬੱਸ ਨੂੰ ਅਗਲੀ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਬੱਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਉੱਚ ਅਧਿਕਾਰੀਆਂ ਨੂੰ ਬੱਸ ਦੇ ਟਾਇਰਾਂ ਦੀ ਮਾੜੀ ਹਾਲਤ ਬਾਰੇ ਜਾਣੂ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਟਾਇਰ ਨਹੀਂ ਬਦਲੇ ਗਏ, ਜਦਕਿ ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਇਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਡਰਾਈਵਰ ਮੁਤਾਬਕ ਹਾਦਸੇ ਸਮੇਂ ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਸਨ। ਟਾਇਰ ਫਟਣ ਤੋਂ ਬਾਅਦ ਉਸ ਦੇ ਟੁਕੜੇ ਬੱਸ ਦੇ ਅੰਦਰਲੇ ਹਿੱਸੇ ਤੱਕ ਪਹੁੰਚ ਗਏ, ਜਿਸ ਨਾਲ ਬੱਸ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਬੱਸ ਵਿੱਚ ਹਫੜਾ-ਦਫੜੀ ਮਚ ਗਈ ਅਤੇ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਵੀ ਮੌਕੇ ‘ਤੇ ਇਕੱਠੇ ਹੋ ਗਏ।
ਖੁਸ਼ਕਿਸਮਤੀ ਇਹ ਰਹੀ ਕਿ ਹਾਦਸਾ ਗੰਭੀਰ ਹੋਣ ਦੇ ਬਾਵਜੂਦ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
