ਵਾਲਮੀਕਿ ਸਮਾਜ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ; ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਗੁਰਪ੍ਰੀਤ ਸਿੰਘ :- ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਸਮਾਜ ਵੱਲੋਂ ਵੀਰਵਾਰ (30 ਜੁਲਾਈ) ਨੂੰ ਮੁੜ ਤੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਮਾਜ ਵੱਲੋਂ ਸਮੂਹ ਬਾਜ਼ਾਰਾਂ, ਸਕੂਲਾਂ, ਕਾਲਜਾਂ, ਮਾਲਜ਼ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਮੁਕੰਮਲ ਤੌਰ ‘ਤੇ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫ਼ਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ ਅਤੇ ਗੁਰਦਾਸਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਸ ਬੰਦ ਦਾ ਪੂਰਨ ਸਮਰਥਨ ਕੀਤਾ ਹੈ। ਹਾਲਾਂਕਿ, ਜਲੰਧਰ ਵਿੱਚ ਬੰਦ ਨਹੀਂ ਰਹੇਗਾ, ਉੱਥੇ ਸਿਰਫ਼ ਰੋਸ ਪ੍ਰਦਰਸ਼ਨ ਹੀ ਕੀਤਾ ਜਾਵੇਗਾ।

ਯੂਨੀਅਨ ਆਗੂਆਂ ਦਾ ਦਾਅਵਾ ਹੈ ਕਿ ਪੁਲਿਸ ਕਾਰਵਾਈ ਦੌਰਾਨ ਕਈ ਸਫ਼ਾਈ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੇ ਸਿਰ ਪਾਟ ਗਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਮਹਿਲਾ ਸਫ਼ਾਈ ਕਰਮਚਾਰੀਆਂ ਨਾਲ ਵੀ ਬਦਸਲੂਕੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਬਰਨਾਲਾ ਦੇ ਡੀ.ਐੱਸ.ਪੀ. (DSP) ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਵਾਲਮੀਕਿ ਸਮਾਜ ਦੇ ਲੋਕਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਪੁਤਲੇ ਤਿਆਰ ਕੀਤੇ, ਜਿਨ੍ਹਾਂ ਨੂੰ ਔਰਤਾਂ ਦੇ ਕੱਪੜੇ ਪਹਿਨਾਏ ਗਏ ਸਨ।

ਗੁਰਦਾਸਪੁਰ ‘ਚ ਬੰਦ ਨੂੰ ਸਮਰਥਨ

ਗੁਰਦਾਸਪੁਰ ਟਰੇਡ ਯੂਨੀਅਨ ਨੇ 30 ਜੁਲਾਈ ਨੂੰ ਸਫ਼ਾਈ ਕਰਮਚਾਰੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਫ਼ਾਈ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ। ਦੂਜੇ ਪਾਸੇ, ਲੁਧਿਆਣਾ ਵਿੱਚ ਭਾਜਪਾ ਅਤੇ ਦਲਿਤ ਭਾਈਚਾਰੇ ਦੇ ਆਗੂ ਯਸ਼ਪਾਲ ਚੌਧਰੀ ਨੇ ਕਿਹਾ ਕਿ ਵੀਰਵਾਰ ਨੂੰ ਬੰਦ ਦਾ ਸੱਦਾ ਸਾਡੇ ਵੱਲੋਂ ਦਿੱਤਾ ਗਿਆ ਹੈ। ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਅਮਨ-ਅਮਾਨ ਨਾਲ ਬਾਜ਼ਾਰ ਬੰਦ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਬੰਦ ਵਿੱਚ ਆਪਣਾ ਸਹਿਯੋਗ ਦੇਣ।

ਜਲੰਧਰ ਅੱਜ ਨਹੀਂ ਰਹੇਗਾ ਬੰਦ

ਜਲੰਧਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਹੈ ਕਿ ਕੁਝ ਸੰਗਠਨਾਂ ਵੱਲੋਂ ਪੰਜਾਬ ਬੰਦ ਦੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ, ਪਰ ਜਲੰਧਰ ਦੇ ਲੋਕ ਪਹਿਲਾਂ ਹੀ 27 ਜੁਲਾਈ ਨੂੰ ਬੰਦ ਦਾ ਸਮਰਥਨ ਕਰ ਚੁੱਕੇ ਹਨ। ਇਸ ਲਈ 30 ਜੁਲਾਈ ਨੂੰ ਜਲੰਧਰ ਵਿੱਚ ਕਿਸੇ ਵੀ ਤਰ੍ਹਾਂ ਦਾ ਬੰਦ ਨਹੀਂ ਰੱਖਿਆ ਜਾਵੇਗਾ।

ਬੰਦ ਦੌਰਾਨ ਮੈਡੀਕਲ ਸਟੋਰ ਰਹਿਣਗੇ ਖੁੱਲ੍ਹੇ

ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਅਨਾਰੀਆ ਅਤੇ ਭਗਵਾਨ ਵਾਲਮੀਕਿ ਸ਼ਕਤੀ ਦਲ ਦੇ ਚੇਅਰਮੈਨ ਡਾ. ਜੈਮਲ ਸਿੰਘ ਨਡਾਲਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਸ਼ਾਂਤੀਪੂਰਨ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਬੰਦ ਨੂੰ ਸੰਤ ਸਮਾਜ, ਸੰਤ ਮਲਕੀਤ ਨਾਥ ਜੀ, ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਅਤੇ ਕਈ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੀ ਹਮਾਇਤ ਹਾਸਲ ਹੈ।

ਉਨ੍ਹਾਂ ਅੰਮ੍ਰਿਤਸਰ ਦੇ ਦੁਕਾਨਦਾਰਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੰਦ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਅਤੇ ਇਨਸਾਫ਼ ਦੀ ਇਸ ਲੜਾਈ ਵਿੱਚ ਸਮਾਜ ਦੇ ਨਾਲ ਖੜ੍ਹੇ ਹੋਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੰਦ ਦੌਰਾਨ ਹਸਪਤਾਲ, ਐਂਬੂਲੈਂਸ ਸੇਵਾਵਾਂ ਅਤੇ ਮੈਡੀਕਲ ਸਟੋਰ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ, ਤਾਂ ਜੋ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

By Gurpreet Singh

Leave a Reply

Your email address will not be published. Required fields are marked *