ਚੰਡੀਗੜ੍ਹ (ਨਵਲ ਕਿਸ਼ੋਰ): ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਸੰਕਲਪ ਦੁਆਰਾ ਆਯੋਜਿਤ ਸਿਵਲ ਸੇਵਾਵਾਂ ਪਰੀਖਿਆ ਦੇ ਚੁਣੇ ਗਏ ਪ੍ਰਤੀਭਾਗੀ ਅਭਿਨੰਦਨ ਸਮਾਰੋਹ ਨੂੰ ਸੰਬੋਧਨ ਕੀਤਾ। ਇਹ ਸਮਾਗਮ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਵਿੱਚ ਪ੍ਰਤਿਭਾ, ਲੀਡਰਸ਼ਿਪ ਸਮਰੱਥਾ ਅਤੇ ਸਮਾਜਿਕ ਪ੍ਰਤੀਬੱਧਤਾ ਵਿਕਸਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਨੌਜਵਾਨਾਂ ਨੂੰ ਇਮਾਨਦਾਰੀ ਨਾਲ ਉਤਕ੍ਰਿਸ਼ਟਤਾ ਪ੍ਰਾਪਤ ਕਰਨ, ਸਿੱਖਿਆ, ਚਰਿੱਤਰ ਨਿਰਮਾਣ ਅਤੇ ਲੋਕ ਸੇਵਾ ਪ੍ਰਤੀ ਸਮਰਪਿਤ ਰਹਿਣ ਅਤੇ ਰਾਸ਼ਟਰ ਨਿਰਮਾਣ ਵਿੱਚ ਸਾਰਥਕ ਯੋਗਦਾਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਚਾਹੇ ਕਿਸੇ ਵੀ ਖੇਤਰ ਵਿੱਚ ਕਾਰਜਰਤ ਹੋਵੇ, ਹਰੇਕ ਇਮਾਨਦਾਰ ਪ੍ਰਯਾਸ ਰਾਸ਼ਟਰ ਨੂੰ ਸਸ਼ਕਤ ਬਣਾਉਂਦਾ ਹੈ ਅਤੇ ‘ਵਿਕਸਿਤ ਭਾਰਤ 2047’ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਸਿਵਲ ਸੇਵਾਵਾਂ ਦੇ ਚਾਹਵਾਨਾਂ ਦੇ ਮਾਰਗਦਰਸ਼ਨ ਵਿੱਚ ਸੰਕਲਪ ਆਈਏਐੱਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾ ਨੂੰ ਆਈਏਐੱਸ, ਆਈਪੀਐੱਸ ਅਤੇ ਹੋਰ ਸਿਵਲ ਸੇਵਾਵਾਂ ਦੇ ਸਫ਼ਲ ਅਧਿਕਾਰੀਆਂ ਨੂੰ ਤਿਆਰ ਕਰਨ ਵਾਲੇ ਦੇਸ਼ ਦੀਆਂ ਮੋਹਰੀ ਸੰਸਥਾਵਾਂ ਵਿੱਚੋਂ ਇੱਕ ਦੱਸਦੇ ਹੋਏ ਇਸ ਦੇ ਪ੍ਰਬੰਧਨ, ਮਾਰਗਦਰਸ਼ਕਾਂ, ਦਾਨੀਆਂ ਅਤੇ ਵਿਦਿਆਰਥੀਆਂ ਦੀ ਗੁਣਵੱਤਾਪੂਰਨ ਸਿੱਖਿਆ ਅਤੇ ਮਾਰਗਦਰਸ਼ਨ ਦੇ ਜ਼ਰੀਏ ਰਾਸ਼ਟਰ ਨਿਰਮਾਣ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਚੰਡੀਗੜ੍ਹ ਦੀਆਂ ਵਿੱਦਿਅਕ ਉਪਲਬਧੀਆਂ ਦਾ ਉਲੇਖ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਸ਼ਹਿਰ ਦੇ ਸਰਕਾਰੀ ਸਕੂਲ ਨਿਰੰਤਰ ਸ਼ਲਾਘਾਯੋਗ ਅਕਾਦਮਿਕ ਪਰਿਣਾਮ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਸਿੱਖਿਆ ਦੇ ਪਰਫੌਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ) 2.0 ਵਿੱਚ ਚੰਡੀਗੜ੍ਹ ਦੇਸ਼ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ
ਪਹਿਲੇ ਸਥਾਨ ‘ਤੇ ਰਿਹਾ ਹੈ, ਜੋ ‘ਉੱਤਮ-3’ ਗ੍ਰੇਡ ਪ੍ਰਾਪਤ ਕਰਨ ਵਾਲਾ ਦੇਸ਼ ਦਾ ਇਕਲੌਤਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਕਾਰਜ ਛੋਟਾ ਨਹੀਂ ਹੁੰਦਾ ਅਤੇ ਹਰੇਕ ਇਮਾਨਦਾਰ ਪ੍ਰਯਾਸ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦਿੰਦਾ ਹੈ।
ਰਾਜਪਾਲ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਸਿੱਖਿਆ, ਚਰਿੱਤਰ ਨਿਰਮਾਣ ਅਤੇ ਲੋਕ ਸੇਵਾ ਪ੍ਰਤੀ ਸਮਰਪਿਤ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ‘ਵਿਕਸਿਤ ਭਾਰਤ 2047’ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਨਸ਼ਾ-ਮੁਕਤ, ਸਸ਼ਕਤ ਅਤੇ ਜਾਗਰੂਕ ਯੁਵਾ ਸ਼ਕਤੀ ਜ਼ਰੂਰੀ ਹੈ। ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਲੋਕਾਂ ਦੁਆਰਾ ਪ੍ਰਦਰਸ਼ਿਤ ਨਿਰਸੁਆਰਥ ਸੇਵਾ ਭਾਵਨਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ ਪੰਜਾਬ ਦੀ ਸਥਾਈ ਪਰੰਪਰਾ ਰਹੀ ਹੈ।
ਰਾਜ ਸਭਾ ਸਾਂਸਦ, ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਨਸ਼ਾ ਮੁਕਤੀ ਅਭਿਯਾਨ ਦੇ ਪ੍ਰਤੀ ਰਾਜਪਾਲ ਦੇ ਨਿਰੰਤਰ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਨਤਕ ਅਹੁਦਾ ਸਮਾਜ ਦੀ ਸਮਰਪਿਤ ਅਤੇ ਇਮਾਨਦਾਰ ਸੇਵਾ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਐਜੂਕੇਸ਼ਨ ਐਂਡ ਸੋਸ਼ਲ ਰਿਸਪੌਂਸਿਬਿਲਿਟੀ (ਈਐੱਸਆਰ) ਦੀ ਧਾਰਨਾ ‘ਤੇ ਬਲ ਦਿੰਦੇ ਹੋਏ ਲੋੜਵੰਦਾਂ ਲਈ ਜੀਵਨ-ਰੱਖਿਅਕ ਮੈਡੀਕਲ ਉਪਕਰਣਾਂ ਦੇ ਦਾਨ ਸਹਿਤ ਮਾਨਵੀ ਪਹਿਲਾਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ।
ਭਾਰਤ ਦੇ ਐਡੀਸ਼ਨਲ ਸਾਲਿਸਟਰ ਜਨਰਲ, ਸ਼੍ਰੀ ਸੱਤਿਆ ਪਾਲ ਜੈਨ ਨੇ
ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ (ਈਡਬਲਿਊਐੱਸ) ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪਰੀਖਿਆਵਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਸੰਕਲਪ ਆਈਏਐੱਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਨਤਕ ਜੀਵਨ ਵਿੱਚ ਇਮਾਨਦਾਰੀ ਅਤੇ ਨਿਸ਼ਠਾ ਸਰਬਉੱਚ ਹਨ ਅਤੇ ਨਿਰਸੁਆਰਥ ਭਾਵ ਨਾਲ ਆਪਣੇ ਕਰਤੱਵਾਂ ਦਾ ਨਿਰਬਾਹ ਹੀ ਸੱਚੀ ਲੋਕ ਸੇਵਾ ਹੈ।
ਸੰਕਲਪ ਆਈਏਐੱਸ, ਚੰਡੀਗੜ੍ਹ ਦੇ ਚੇਅਰਮੈਨ ਸ਼੍ਰੀ ਚਰਨਜੀਤ ਰਾਏ ਨੇ ਦੱਸਿਆ ਕਿ ਰਾਜਪਾਲ ਦੀ ਪ੍ਰੇਰਣਾ ਨਾਲ ਸੰਕਲਪ ਨੇ ਟ੍ਰਾਂਸਜੈਂਡਰ ਨੌਜਵਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇ ਦੀਆਂ ਪਰੀਖਿਆਵਾਂ ਲਈ ਮਾਰਗਦਰਸ਼ਨ ਅਤੇ ਟ੍ਰੇਨਿੰਗ ਪ੍ਰਦਾਨ ਕਰਨ ਦੀ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ ਦੇ ਜ਼ਰੀਏ ਅਕਾਦਮਿਕ ਸਹਿਯੋਗ, ਮੈਂਟਰਸ਼ਿਪ ਅਤੇ ਕਰੀਅਰ ਮਾਰਗਦਰਸ਼ਨ ਉਪਲਬਧ ਕਰਵਾਇਆ ਜਾਵੇਗਾ, ਜਿਸ ਨਾਲ ਸਮਾਵੇਸ਼ੀ ਸਿੱਖਿਆ ਅਤੇ ਸਮਾਨ ਅਵਸਰਾਂ ਨੂੰ ਹੁਲਾਰਾ ਮਿਲੇਗਾ।
ਇਸ ਅਵਸਰ ‘ਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ, ਸ਼੍ਰੀ ਗਿਆਨ ਚੰਦ ਗੁਪਤਾ; ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ, ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਆਈਏਐੱਸ; ਭਜਨ ਗਾਇਕ ਸ਼੍ਰੀ ਕਨ੍ਹੱਈਆ ਮਿੱਤਲ ਅਤੇ ਸੰਕਲਪ ਆਈਏਐਸ, ਚੰਡੀਗੜ੍ਹ ਨਾਲ ਜੁੜੇ ਅਨੇਕ ਆਈਏਐੱਸ ਅਤੇ ਪੀਸੀਐੱਸ ਅਧਿਕਾਰੀ ਵੀ ਉਪਸਥਿਤ ਸਨ।
