ਨਵੀਂ ਦਿੱਲੀ (ਰਾਜੀਵ ਸ਼ਰਮਾ): ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸਾਹ ਨੇ ਇਸ ਵਰ੍ਹੇ ਮੌਨਸੂਨ ਦੌਰਾਨ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਰਾਜ ਆਫਤ ਪ੍ਰਤੀਕਿਰਿਆ ਫੰਡ (SDRF) ਦੇ ਕੇਂਦਰੀ ਹਿੱਸੇ ਤੋਂ 2,117.85 ਕਰੋੜ ਰੁਪਏ ਦੀ ਐਡਵਾਂਸ ਸਹਾਇਤਾ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਰਾਹਤ, ਬਚਾਅ ਅਤੇ ਪੁਨਰਵਾਸ ਕਾਰਜਾਂ ਲਈ ਹਰ ਸੰਭਵ ਸਹਾਇਤਾ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ।
ਮੌਨਸੂਨ ਦੌਰਾਨ ਕੇਂਦਰ ਸਰਕਾਰ ਰਾਜਾਂ ਨਾਲ ਨਿਰੰਤਰ ਤਾਲਮੇਲ ਬਣਾ ਕੇ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਲੋੜ ਮੁਤਾਬਕ ਰਾਸ਼ਟਰੀ ਆਫ਼ਤ ਪ੍ਰਤਿਕਿਰਿਆ ਬਲ (NDRF) ਦੀਆਂ ਟੀਮਾਂ ਦੀ ਪੂਰਵ-ਤਾਇਨਾਤੀ ਅਤੇ ਰੱਖਿਆ ਮੰਤਰਾਲੇ ਦੁਆਰਾ ਲੋੜੀਂਦੀ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾਈ ਗਈ ਹੈ।
ਨੁਕਸਾਨ ਦੇ ਮੁਲਾਂਕਣ ਲਈ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ ਅੰਤਰ-ਮੰਤਰਾਲਾ ਕੇਂਦਰੀ ਟੀਮਾਂ (IMCT) ਭੇਜੀਆਂ ਜਾ ਚੁੱਕੀਆਂ ਹਨ। ਅਸਾਮ ਵਿੱਚ ਹੜ੍ਹਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋ ਵਾਰ IMCT ਭੇਜੀ ਗਈ ਹੈ ਅਤੇ ਨਾਗਾਲੈਂਡ ਸਰਕਾਰ ਦੀ ਬੇਨਤੀ ‘ਤੇ ਰਾਜ ਲਈ ਵੀ IMCT ਦਾ ਗਠਨ ਕੀਤਾ ਜਾ ਰਿਹਾ ਹੈ।
ਹੜ੍ਹ ਪ੍ਰਭਾਵਿਤ ਸੱਤ ਰਾਜਾਂ ਵਿੱਚੋਂ ਹਿਮਾਚਲ ਪ੍ਰਦੇਸ਼, ਓਡੀਸ਼ਾ ਅਤੇ ਨਾਗਾਲੈਂਡ ਨੂੰ ਵਿੱਤੀ ਵਰ੍ਹੇ 2026-27 ਦੀ SDRF ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਰਾਹਤ ਕਾਰਜਾਂ ਲਈ ਸੰਸਾਧਨਾਂ ਦੀ ਸਮਾਂਬੱਧ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਹਿਮਾਚਲ ਪ੍ਰਦੇਸ਼ ਅਤੇ ਓਡੀਸ਼ਾ ਨੂੰ ਕੇਂਦਰੀ ਹਿੱਸੇ ਦੀ ਦੂਜੀ ਕਿਸ਼ਤ ਐਡਵਾਂਸ ਤੌਰ ‘ਤੇ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਅਰੁਣਾਚਲ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਨੂੰ ਲਾਗੂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਦਸਤਾਵੇਜ਼ੀ ਰਵਾਇਤਾਂ ਵਿੱਚ ਛੋਟ ਦਿੰਦੇ ਹੋਏ SDRF ਦੀ ਪਹਿਲੀ ਕਿਸ਼ਤ ਦੀ ਉਪਰੋਕਤ ਐਡਵਾਂਸ ਰਾਸ਼ੀ ਜਾਰੀ ਕਰਨ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।
ਮਨਜ਼ੂਰ ਸਹਾਇਤਾ ਦੇ ਤਹਿਤ ਅਰੁਣਾਚਲ ਪ੍ਰਦੇਸ਼ ਨੂੰ ਵਿੱਤੀ ਵਰ੍ਹੇ 2026-27 ਲਈ SDRF ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸ਼ਤ ਐਡਵਾਂਸ ਤੌਰ ‘ਤੇ 44.55 ਕਰੋੜ ਰੁਪਏ, ਅਸਾਮ ਨੂੰ 379.35 ਕਰੋੜ ਰੁਪਏ ਅਤੇ ਗੁਜਰਾਤ ਨੂੰ 500 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਹਿਮਾਚਲ ਪ੍ਰਦੇਸ਼, ਜਿਸ ਨੂੰ ਵਿੱਤੀ ਵਰ੍ਹੇ 2026-27 ਦੀ SDRF ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ, ਨੂੰ ਕੇਂਦਰੀ ਹਿੱਸੇ ਦੀ ਦੂਜੀ ਕਿਸ਼ਤ ਐਡਵਾਂਸ ਤੌਰ ‘ਤੇ 193.95 ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗੇ। ਮਹਾਰਾਸ਼ਟਰ ਨੂੰ ਪਹਿਲੀ ਕਿਸ਼ਤ ਐਡਵਾਂਸ ਤੌਰ ‘ਤੇ 500 ਕਰੋੜ ਰੁਪਏ ਅਤੇ ਓਡੀਸ਼ਾ ਨੂੰ, ਜਿਸ ਨੂੰ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ, ਦੂਜੀ ਕਿਸ਼ਤ ਐਡਵਾਂਸ ਤੌਰ ‘ਤੇ 500 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਇਸ ਫੈਸਲੇ ਦੇ ਨਾਲ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਰਾਹਤ, ਬਚਾਅ ਅਤੇ ਤੁਰੰਤ ਪ੍ਰਤੀਕਿਰਿਆ ਕਾਰਜਾਂ ਲਈ ਕੁੱਲ 2,117.85 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਕੇਂਦਰੀ ਮੰਤਰੀ ਅਮਿਤ ਸਾਹ ਨੇ ਮੌਨਸੂਨ 2026 ਵਿੱਚ ਹੜ੍ਹ ਪ੍ਰਭਾਵਿਤ ਰਾਜਾਂ ਨੂੰ SDRF ਦੇ ਤਹਿਤ 2,117.85 ਕਰੋੜ ਰੁਪਏ ਦੀ ਐਡਵਾਂਸ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ
