ਮਾਤਾ ਰਾਣੀ ਦਾ ਝੰਡਾ ਦੇਖਣ ਗਿਆ ਨੌਜਵਾਨ 10 ਦਿਨਾਂ ਤੋਂ ਲਾਪਤਾ

ਗੁਰਪ੍ਰੀਤ ਸਿੰਘ :- ਫਰੀਦਕੋਟ ਦੇ ਭੋਲੋ ਵਾਲਾ ਨੇੜੇ ਰੇਲਵੇ ਫਾਟਕ ਦਾ ਨੌਜਵਾਨ ਵਿਜੇ ਕੁਮਾਰ (30 ਸਾਲ) ਜੋ ਬੀਤੇ ਦਿਨੀ ਸ਼ਹਿਰ ‘ਚ ਮਾਤਾ ਰਾਣੀ ਦਾ ਝੰਡਾ ਦੇਖਣ ਲਈ ਘਰੋਂ ਗਿਆ ਸੀ। ਨੌਜਵਾਨ ਪਿਛਲੇ ਕਰੀਬ 10 ਦਿਨਾਂ ਤੋਂ ਲਾਪਤਾ ਹੈ। ਪਰਿਵਾਰ ਵੱਲੋਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਅਜੇ ਤੱਕ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਨੌਜਵਾਨ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪਰਿਵਾਰ ਜਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਘਰ ਪਹੁੰਚਾਉਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ।

ਲਾਪਤਾ ਨੌਜਵਾਨ ਦੀ ਭੈਣ ਰੀਤੂ ਨੇ ਦੱਸਿਆ ਕਿ ਉਸ ਦਾ ਭਰਾ ਵਿਜੇ ਕੁਮਾਰ 6 ਅਗਸਤ ਨੂੰ ਸ਼ਾਮ ਕਰੀਬ ਸਾਢੇ 4 ਵਜੇ ਫਰੀਦਕੋਟ ਵਿੱਚ ਕੱਢੇ ਗਏ ਮਾਤਾ ਰਾਣੀ ਦੇ ਝੰਡੇ ਨੂੰ ਦੇਖਣ ਲਈ ਘਰੋਂ ਇਕੱਲਾ ਗਿਆ ਸੀ। ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਇਆ। ਪਰਿਵਾਰ ਨੇ ਰਾਤ ਕਰੀਬ 10 ਵਜੇ ਖੁਦ ਬਾਜ਼ਾਰ ਵਿੱਚ ਜਾ ਕੇ ਉਸ ਦੀ ਭਾਲ ਕੀਤੀ ਪਰ ਨੌਜਵਾਨ ਦਾ ਕੋਈ ਪਤਾ ਨਹੀਂ ਲੱਗਿਆ। ਅਗਲੇ ਦਿਨ ਪਰਿਵਾਰ ਵੱਲੋਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ।

ਪਰਿਵਾਰ ਮੁਤਾਬਕ ਵਿਜੇ ਕੁਮਾਰ ਆਪਣੇ ਕੁਝ ਪੇਂਟਰ ਸਾਥੀਆਂ ਨਾਲ ਮੇਲੇ ਵਿੱਚ ਘੁੰਮਿਆ ਅਤੇ ਲੰਗਰ ਵੀ ਛਕਿਆ। ਪਰਿਵਾਰ ਨੂੰ ਸਾਥੀਆਂ ਨੇ ਦੱਸਿਆ ਕਿ ਕਰੀਬ ਸਾਢੇ 6 ਵਜੇ ਉਹ ਪਾਰਕ ਵਿੱਚ ਬੈਠੇ ਸਨ। ਬਾਅਦ ਵਿੱਚ ਸਾਥੀ ਘਰ ਵਾਪਸ ਆ ਗਏ, ਜਦਕਿ ਵਿਜੇ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਾਅਦ ਵਿੱਚ ਆ ਜਾਵੇਗਾ। ਇਸ ਤੋਂ ਬਾਅਦ ਉਹ ਘਰ ਨਹੀਂ ਪਹੁੰਚਿਆ।

ਭੈਣ ਰੀਤੂ ਨੇ ਦੱਸਿਆ ਕਿ ਉਸ ਦਾ ਭਰਾ ਕਿਸੇ ਲੜਾਈ-ਝਗੜੇ ਜਾਂ ਮਾੜੀ ਸੰਗਤ ਵਿੱਚ ਨਹੀਂ ਸੀ ਅਤੇ ਹਰ ਰੋਜ਼ ਕੰਮ ’ਤੇ ਜਾਂਦਾ ਸੀ। ਪਰਿਵਾਰ ਵਿੱਚ ਦੋ ਭਰਾ ਅਤੇ ਚਾਰ ਭੈਣਾਂ ਹਨ, ਜਦਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵਿਜੇ ਕੁਮਾਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਦਿੱਤੇ ਗਏ ਸੰਪਰਕ ਨੰਬਰਾਂ ’ਤੇ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਵੱਲੋਂ ਨੌਜਵਾਨ ਨੂੰ ਲੱਭ ਕੇ ਘਰ ਪਹੁੰਚਾਉਣ ਵਾਲੇ ਵਿਅਕਤੀ ਨੂੰ 11 ਹਜ਼ਾਰ ਰੁਪਏ ਇਨਾਮ ਅਤੇ ਆਉਣ-ਜਾਣ ਦਾ ਕਿਰਾਇਆ ਦੇਣ ਦੀ ਵੀ ਗੱਲ ਕਹੀ ਗਈ ਹੈ।

ਉੱਥੇ ਹੀ ਥਾਣਾ ਸਿਟੀ-1 ਫਰੀਦਕੋਟ ਦੇ ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀ ਮਾਤਾ ਊਸ਼ਾ ਰਾਣੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਦੇ ਆਧਾਰ ਤੇ ਵਿਜੇ ਕੁਮਾਰ ਦੀ ਗੁੰਮਸ਼ੁਦਗੀ ਸਬੰਧੀ ਇਸ਼ਤਿਹਾਰ ਜਾਰੀ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਮੁਤਾਬਕ ਨੌਜਵਾਨ ਦੀ ਜਲਦ ਭਾਲ ਕਰਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *