ਗੁਰਪ੍ਰੀਤ ਸਿੰਘ :- ਉੱਤਰ ਭਾਰਤ ਵਿਚ ਬਣੇ ਨਵੇਂ ਮਾਨਸੂਨੀ ਤੰਤਰ ਅਤੇ ਉੱਤਰੀ ਹਰਿਆਣਾ ਉੱਤੇ ਬਣ ਰਹੇ ਸਾਈਕਲੋਨਿਕ ਸਰਕੂਲੇਸ਼ਨ ਕਾਰਨ ਸੂਬੇ ਵਿਚ ਮਾਨਸੂਨੀ ਹਵਾਵਾਂ ਇੱਕ ਵਾਰ ਫਿਰ ਜ਼ੋਰ ਫੜ ਰਹੀਆਂ ਹਨ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਅੱਜ ਮਾਨਸੂਨੀ ਸਰਗਰਮੀ ਵਧਣ ਨਾਲ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬੱਦਲ ਛਾਏ ਰਹਿਣਗੇ।
ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਪੰਚਕੂਲਾ ਅਤੇ ਇਸ ਨਾਲ ਲਗਦੇ ਇਲਾਕਿਆਂ ਵਿਚ ਭਾਰੀ ਬਰਸਾਤ ਤੋਂ ਬਾਅਦ ਘੱਗਰ ਸਮੇਤ ਦੂਜੇ ਨਦੀ-ਨਾਲਿਆਂ ਦਾ ਪਾਣੀ ਪੱਧਰ ਵਧ ਗਿਆ। ਘੱਗਰ ਵਿਚ ਆਏ ਪਾਣੀ ਕਾਰਨ ਨਾਡਾ ਸਾਹਿਬ ਗੁਰਦੁਆਰੇ ਕੋਲ ਪੁਲਸ ਟ੍ਰੇਨਿੰਗ ਕੈਂਪ ਦਾ ਪੁਲ ਵਹਿ ਗਿਆ।
ਸ਼ਿਆਮਟੂ ਦੀ ਨਦੀ ਵਿਚ ਇਕ ਕਿਸਾਨ ਵੀ ਫਸ ਗਿਆ, ਜਿਸ ਨੂੰ ਲੋਕਾਂ ਨੇ ਰੱਸੀ ਦੇ ਸਹਾਰੇ ਕੱਢਿਆ। ਪੰਚਕੂਲਾ ਦੇ ਸੈਕਟਰ-17 ਦੀ ਰਾਜੀਵ ਕਾਲੋਨੀ ਕੋਲ ਬਰਸਾਤੀ ਨਾਲੇ ਵਿਚ 2 ਨੌਜਵਾਨ ਵਹਿ ਗਏ। ਮੌਕੇ ‘ਤੇ ਪਹੁੰਚੀ NDRF ਟੀਮ ਨੇ ਇਨ੍ਹਾਂ ਵਿੱਚੋਂ ਇਕ ਨੌਜਵਾਨ ਨੂੰ ਬਚਾ ਲਿਆ।
ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਨੀਪਤ, ਸੋਨੀਪਤ, ਰੋਹਤਕ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਨੂਹ, ਪਲਵਲ, ਰੇਵਾੜੀ ਅਤੇ ਮਹਿੰਦਰਗੜ੍ਹ ਵਿਚ 50 ਤੋਂ 75 ਪ੍ਰਤੀਸ਼ਤ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
