ਗੁਰਪ੍ਰੀਤ ਸਿੰਘ :- ਮੋਹਾਲੀ ਦੇ ਜ਼ੀਰਕਪੁਰ ਵਿੱਚ ਇੱਕ ਵਿਆਹੁਤਾ ਜੋੜੇ ਨੇ ਸਲਫਾਸ ਖਾ ਕੇ ਆਤਮਹੱਤਿਆ ਕਰ ਲਈ। ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਮ੍ਰਿਤਕਾ ਦੀ ਪਛਾਣ ਬਰਨਾਲਾ ਦੇ ਤੱਖੇ ਦੀ ਪੱਤੀ (ਸੇਖਾਂ) ਦੀ ਰਹਿਣ ਵਾਲੀ ਗਗਨਦੀਪ ਕੌਰ ਵਜੋਂ ਹੋਈ ਹੈ। ਉਸ ਦਾ ਪਤੀ ਹਾਕਮ ਸਿੰਘ ਮਹਿਮਦਪੁਰ, ਬਰਨਾਲਾ ਦਾ ਰਹਿਣ ਵਾਲਾ ਸੀ। ਦੋਵਾਂ ਨੇ ਵਿਦੇਸ਼ ਜਾਣ ਲਈ ਮੈਰਿਜ ਕੀਤੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ ਦੇ ਇੱਕ ਪੀਜੀ (PG) ਵਿੱਚ ਰਹਿ ਰਹੇ ਸਨ। ਪੁਲਿਸ ਨੂੰ ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ। ਇਸ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ 36 ਲੱਖ ਰੁਪਏ ਦੀ ਠੱਗੀ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਹਾਕਮ ਸਿੰਘ ਨੇ ਦੋਸ਼ ਲਗਾਇਆ ਹੈ ਕਿ ਵਿਦੇਸ਼ ਭੇਜਣ ਵਾਲਾ ਏਜੰਟ ਉਸ ਦੇ ਸਕੂਲ ਦਾ ਸਹਿਪਾਠੀ ਸੀ। ਪੁਰਾਣੀ ਜਾਣ-ਪਛਾਣ ਹੋਣ ਕਰਕੇ ਜੋੜੇ ਨੇ ਉਸ ‘ਤੇ ਭਰੋਸਾ ਕੀਤਾ। ਏਜੰਟ ਨੇ ਦੋਵਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18-18 ਲੱਖ ਰੁਪਏ ਲਏ। ਇਸ ਤਰ੍ਹਾਂ ਜੋੜੇ ਨੇ ਉਸ ਨੂੰ ਕੁੱਲ 36 ਲੱਖ ਰੁਪਏ ਦਿੱਤੇ। ਹਾਲਾਂਕਿ, ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਰਕਮ ਵੀ ਵਾਪਸ ਨਹੀਂ ਕੀਤੀ ਗਈ।
ਸੁਸਾਈਡ ਨੋਟ ਦੇ ਮੁਤਾਬਕ, ਰਕਮ ਵਾਪਸ ਨਾ ਮਿਲਣ ਕਰਕੇ ਜੋੜਾ ਮਾਨਸਿਕ ਤਣਾਅ ਵਿੱਚ ਸੀ। ਇਸੇ ਦੇ ਚੱਲਦਿਆਂ ਦੋਵਾਂ ਨੇ ਜ਼ੀਰਕਪੁਰ ਸਥਿਤ ਪੀਜੀ (PG) ਵਿੱਚ ਕਥਿਤ ਤੌਰ ‘ਤੇ ਸਲਫਾਸ ਖਾ ਲਈ। ਜਿਸ ਤੋਂ ਬਾਅਦ ਦੋਵਾਂ ਦੀ ਹਾਲਤ ਵਿਗੜ ਗਈ। ਗਗਨਦੀਪ ਕੌਰ ਦੀ ਮੌਤ ਹੋ ਗਈ, ਜਦਕਿ ਹਾਕਮ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ।
