ਰਾਜੀਵ ਸ਼ਰਮਾ :- ਸਾਲ 2019 ‘ਚ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਡੇਗਣ ਵਾਲੇ ਭਾਰਤੀ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੇ ਭਾਰਤੀ ਹਵਾਈ ਫ਼ੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਇੱਕ ਨਿੱਜੀ ਏਅਰਲਾਈਨ ਨਾਲ ਆਪਣੀ ਨਵੇਂ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਲੋਕਲ ਏਅਰਲਾਈਨ ‘FLY91’ ਨੂੰ ਬਤੌਰ ਕਮਰਸ਼ੀਅਲ ਪਾਇਲਟ ਜੁਆਇਨ ਕਰ ਲਿਆ ਹੈ
ਜਾਣਕਾਰੀ ਅਨੁਸਾਰ, ਅਭਿਨੰਦਨ ਵਰਧਮਾਨ ਨੇ 31 ਮਾਰਚ ਨੂੰ ਹਵਾਈ ਸੈਨਾ ਤੋਂ ਰਿਟਾਇਰਮੈਂਟ ਲਈ ਸੀ। ਹੁਣ ਉਹ ਪ੍ਰਾਈਵੇਟ ਏਅਰਲਾਈਨ FLY91 ‘ਚ ਸ਼ਾਮਲ ਹੋ ਕੇ ਕਮਰਸ਼ੀਅਲ ਉਡਾਣਾਂ ਲਈ ਲੋੜੀਂਦੀ ਟ੍ਰੇਨਿੰਗ ਲੈ ਰਹੇ ਹਨ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਹ ATR 72-600 ਵਰਗੇ ਯਾਤਰੀ ਜਹਾਜ਼ ਉਡਾਉਣਗੇ।
ਜ਼ਿਕਰਯੋਗ ਹੈ ਕਿ 27 ਫਰਵਰੀ 2019 ਨੂੰ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਹੋਏ ਹਵਾਈ ਮੁਕਾਬਲੇ ਦੌਰਾਨ ਅਭਿਨੰਦਨ ਨੇ ਆਪਣੇ ਪੁਰਾਣੇ ਮਿਗ-21 ਬਾਈਸਨ ਜਹਾਜ਼ ਨਾਲ ਪਾਕਿਸਤਾਨ ਦੇ ਆਧੁਨਿਕ F-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਜਹਾਜ਼ ਵੀ ਕ੍ਰੈਸ਼ ਹੋ ਕੇ ਪਾਕਿਸਤਾਨ ‘ਚ ਜਾ ਡਿੱਗਾ ਸੀ।
ਪਾਕਿਸਤਾਨ ‘ਚ ਲਗਭਗ 60 ਘੰਟੇ ਤੱਕ ਬੰਦੀ ਰਹਿਣ ਤੋਂ ਬਾਅਦ ਭਾਰਤ ਦੇ ਕੂਟਨੀਤਕ ਦਬਾਅ ਕਾਰਨ ਪਾਕਿਸਤਾਨ ਨੇ ਉਨ੍ਹਾਂ ਨੂੰ ਰਿਹਾਅ ਕੀਤਾ ਸੀ। ਅਭਿਨੰਦਨ ਦੀ ਬਹਾਦਰੀ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ਸੀ।
