ਗੁਰਪ੍ਰੀਤ ਸਿੰਘ :- ਆਪਣੀਆਂ ਮੰਗਾਂ ਨੂੰ ਲੈ ਕੇ ਪਠਾਨਕੋਟ ਦੇ ਮਾਧੋਪੁਰ ਵਿੱਚ ਦੋ ਬਜ਼ੁਰਗ ਪਿਛਲੇ 11 ਦਿਨਾਂ ਤੋਂ ਟਾਵਰ ‘ਤੇ ਚੜ੍ਹੇ ਹੋਏ ਹਨ। ਅੱਜ ਉਨ੍ਹਾਂ ਦੇ ਰੋਸ ਪ੍ਰਦਰਸ਼ਨ ਦਾ 12ਵਾਂ ਦਿਨ ਹੈ। ਸਰਕਾਰੀ ਅਮਲਾ ਲਗਾਤਾਰ ਦੋਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਟਾਵਰ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਦੋਵੇਂ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਹੇਠਾਂ ਉਤਰਨ ਲਈ ਤਿਆਰ ਨਹੀਂ ਹਨ।
ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ
ਦੋਵਾਂ ਬਜ਼ੁਰਗਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਦੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਡੈਮ ਬਣਾਉਣ ਲਈ ਉਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ ਤਾਂ ਉਸ ਸਮੇਂ ਉਨ੍ਹਾਂ ਨੂੰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ।
ਬਜ਼ੁਰਗਾਂ ਦਾ ਦੋਸ਼ ਹੈ ਕਿ ਲੰਮਾ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੋਈ। ਇਸੇ ਕਾਰਨ ਉਹ ਮੁੜ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰਬਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ।
ਪਹਿਲਾਂ ਵੀ ਟਾਵਰਾਂ ‘ਤੇ ਚੜ੍ਹ ਕੇ ਕਰ ਚੁੱਕੇ ਹਨ ਪ੍ਰਦਰਸ਼ਨ
ਜਾਣਕਾਰੀ ਮੁਤਾਬਕ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਲੋਕ ਪਹਿਲਾਂ ਵੀ ਕਈ ਵਾਰ ਟਾਵਰਾਂ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਵਾਰ ਵੀ ਦੋਵੇਂ ਪਿਛਲੇ 11 ਦਿਨਾਂ ਤੋਂ ਟਾਵਰ ‘ਤੇ ਡਟੇ ਹੋਏ ਹਨ।
ਸਰਕਾਰੀ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਦੋਵਾਂ ਦਾ ਕਹਿਣਾ ਹੈ ਕਿ ਪਹਿਲਾਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਉਸ ਤੋਂ ਬਾਅਦ ਹੀ ਉਹ ਟਾਵਰ ਤੋਂ ਹੇਠਾਂ ਉਤਰਨਗੇ।
