ਗੁਰਪ੍ਰੀਤ ਸਿੰਘ :- ਕਪੂਰਥਲਾ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਪਰਿਵਾਰ ਨੇ ਆਪਣੇ ਮੁੰਡੇ ਨੂੰ ਮ੍ਰਿਤਕ ਸਮਝ ਕੇ ਅੰਤਿਮ ਸੰਸਕਾਰ ਕਰਨ ਮਗਰੋਂ ਉਸ ਦਾ ਭੋਗ ਵੀ ਪਾ ਦਿੱਤਾ ਪਰ ਹੁਣ ਉਹੀ ਮੁੰਡਾ ਜਿਊਂਦਾ ਨਿਕਲ ਆਇਆ। ਦਰਅਸਲ ਭੋਗ ਪਾਉਣ ਤੋਂ ਲਗਭਗ 15 ਦਿਨ ਬਾਅਦ ਜਦੋਂ ਪਰਿਵਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਦੇ ਇਕ ਮੁਲਾਜ਼ਮ ਦਾ ਫੋਨ ਆਇਆ ਕਿ ਉਨ੍ਹਾਂ ਦਾ ਮੁੰਡਾ ਜੇਲ੍ਹ ‘ਚ ਬੰਦ ਹੈ ਤਾਂ ਪਹਿਲਾਂ ਤਾਂ ਪਰਿਵਾਰ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਜੇਲ੍ਹ ਵਿਚ ਜਾ ਕੇ ਆਪਣੇ ਮੁੰਡੇ ਨੂੰ ਵੇਖਿਆ ਤਾਂ ਪਰਿਵਾਰ ‘ਚ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਮਿਲੀ ਜਾਣਕਾਰੀ ਮੁਤਾਬਕ ਕਾਦੂਪੁਰ ਦੇ ਰਹਿਣ ਲੜਕੇ ਰਵੀ ਕੁਮਾਰ ਦੇ ਪਿਤਾ ਟੀਟੀ ਤੇ ਭਰਾ ਅਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਰਵੀ ਕੁਮਾਰ ਬੀਤੀ 5 ਅਗਸਤ ਨੂੰ ਘਰੋਂ ਗਿਆ ਸੀ ਪਰ ਮੁੜ ਕੇ ਨਹੀਂ ਆਇਆ, ਜਿਸ ਦੀ ਉਹ ਆਪਣੇ ਪੱਧਰ ‘ਤੇ ਭਾਲ ਕਰਦੇ ਰਹੇ ਪਰ ਕਿਤੇ ਨਾ ਮਿਲਣ ‘ਤੇ ਉਹ ਬੀਤੀ 11 ਅਗਸਤ ਨੂੰ ਥਾਣਾ ਸਿਟੀ ਕਪੂਰਥਲਾ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਏ।
ਇਸੇ ਦੌਰਾਨ ਪੁਲਸ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਅੱਜ ਹੀ ਇਕ ਕਾਂਜਲੀ ਰੋਡ ‘ਤੇ ਟਰੇਨਿੰਗ ਸੈਂਟਰ ਨੇੜੇ ਗਲੀ ਸੜੀ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਉਨ੍ਹਾਂ ਨੇ ਫ਼ੋਟੋ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੇ ਕੁਝ ਦਿਨ ਬਾਅਦ ਉਸ ਦੀ ਪਛਾਣ ਆਪਣੇ ਲੜਕੇ ਰਵੀ ਕੁਮਾਰ ਵਜੋਂ ਕਰਕੇ ਉਸ ਦਾ 13 ਅਗਸਤ ਨੂੰ ਅੰਤਿਮ ਸਸਕਾਰ ਕਰ ਦਿੱਤਾ ਅਤੇ 15 ਅਗਸਤ ਨੂੰ ਉਸ ਦਾ ਭੋਗ ਵੀ ਪਾ ਦਿੱਤਾ ਪਰ ਬੀਤੀ 2 ਸਤੰਬਰ ਨੂੰ ਪਰਿਵਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਇਕ ਫੋਨ ਆਇਆ ਕਿ ਤੁਹਾਡੇ ਮੁੰਡੇ ਦਾ ਨਾਂ ਰਵੀ ਕੁਮਾਰ ਹੈ, ਜੋ ਜੇਲ੍ਹ ‘ਚ ਬੰਦ ਹੈ ਤਾਂ ਪਰਿਵਾਰ ਇਕ ਦਮ ਹੈਰਾਨ ਰਹਿ ਗਿਆ, ਜਿਸ ‘ਤੇ ਉਹ ਅਗਲੇ ਹੀ ਦਿਨ ਪਰਿਵਾਰ ਵਾਲੇ ਕੇਂਦਰੀ ਜੇਲ੍ਹ ਪੁੱਜੇ ਅਤੇ ਆਪਣੇ ਮੁੰਡੇ ਰਵੀ ਨੂੰ ਜਿਊਂਦਾ ਵੇਖ ਕੇ ਖ਼ੁਸ਼ੀ ਵਿਚ ਬਾਗੋਬਾਗ ਹੋ ਗਏ
