ਰਾਜੀਵ ਸ਼ਰਮਾ :- ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੁਲਿਸ ਅਤੇ FBI ਦੀ ਸਾਂਝੀ ਕਾਰਵਾਈ ਦੌਰਾਨ ਪੰਜਾਬ ਦੇ ਰਹਿਣ ਵਾਲੇ ਕੰਵਲਪ੍ਰੀਤ (50) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਪਿਜ਼ਾ ਰੈਸਟੋਰੈਂਟ ਦੀ ਆੜ ਵਿੱਚ ਕੌਮਾਂਤਰੀ ਡਰੱਗ ਸਿੰਡੀਕੇਟ ਚਲਾਉਣ ਅਤੇ ਕੋਕੀਨ ਦੀ ਸਪਲਾਈ ਕਰਨ ਦੇ ਦੋਸ਼ ਹਨ। ਜਾਂਚ ਏਜੰਸੀਆਂ ਮੁਤਾਬਕ ਮੁਲਜ਼ਮ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ 40 ਕਿਲੋ ਕੋਕੀਨ, ਕਈ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਡਾਲਰਾਂ ਦੀ ਨਕਦੀ ਬਰਾਮਦ ਕੀਤੀ ਗਈ। ਦੋਸ਼ ਹੈ ਕਿ ਉਹ ਪਿਜ਼ਾ ਡਿਲੀਵਰੀ ਦੇ ਬਹਾਨੇ ਕੋਕੀਨ ਅਤੇ ਮੈਥ ਵਰਗੇ ਨਸ਼ਿਆਂ ਦੀ ਸਪਲਾਈ ਕਰਦਾ ਸੀ ਅਤੇ ਇਸ ਤਰ੍ਹਾਂ ਇੱਕ ਵੱਡਾ ਨੈੱਟਵਰਕ ਖੜ੍ਹਾ ਕਰ ਲਿਆ ਸੀ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਥਿਤ ਤੌਰ ’ਤੇ ਬਿਨਾਂ ਵੈਧ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਿਹਾ ਸੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਉਸ ਨੇ ਆਪਣੇ ਰੈਸਟੋਰੈਂਟ ਕਾਰੋਬਾਰ ਦੀ ਆੜ ਵਿੱਚ ਲੰਬੇ ਸਮੇਂ ਤੱਕ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਚਲਾਇਆ। ਪੁਲਿਸ ਨੇ ਨਸ਼ਿਆਂ ਦੇ ਨਾਲ ਹਥਿਆਰ ਵੀ ਬਰਾਮਦ ਕੀਤੇ ਹਨ। ਹੁਣ ਮੁਲਜ਼ਮ ਖ਼ਿਲਾਫ਼ ਡਰੱਗ ਤਸਕਰੀ, ਹਥਿਆਰਾਂ ਅਤੇ ਇਮੀਗ੍ਰੇਸ਼ਨ ਨਾਲ ਜੁੜੇ ਗੰਭੀਰ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ ਸਾਬਤ ਹੋਣ ’ਤੇ ਉਸ ਨੂੰ ਲੰਬੀ ਕੈਦ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
