ਗੁਰਪ੍ਰੀਤ ਸਿੰਘ :- ਲੁਧਿਆਣਾ ਦੇ ਸੁਧਾਰ ਇਲਾਕੇ ਵਿੱਚ 25 ਸਾਲਾ ਤਿੰਨ ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ’ਤੇ ਪਹਿਲਾਂ ਕੁੱਟਮਾਰ ਅਤੇ ਬਾਅਦ ਵਿੱਚ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਦਾਅਵਾ ਹੈ ਕਿ ਔਰਤ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ ਵਾਸੀ ਪਿੰਡ ਬੁਰਜ ਲਿੱਟਾਂ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਪਤੀ ਜਸਪ੍ਰੀਤ ਸਿੰਘ ਅਤੇ ਦਾਦਾ ਜੋਗਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਪੇਕੇ ਪਰਿਵਾਰ ਮੁਤਾਬਕ ਹਰਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਘਰੇਲੂ ਵਿਵਾਦ ਕਾਰਨ ਪਰੇਸ਼ਾਨ ਸੀ। ਇਸੇ ਕਾਰਨ ਉਹ ਆਪਣੇ ਪੇਕੇ ਪਿੰਡ ਘੁੰਘਰਾਣਾ, ਅਹਿਮਦਗੜ੍ਹ ਮੰਡੀ ਚਲੀ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਐਤਵਾਰ ਨੂੰ ਉਸ ਦਾ ਪਤੀ ਉਸ ਨੂੰ ਸਮਝਾ ਕੇ ਵਾਪਸ ਬੁਰਜ ਲਿੱਟਾਂ ਲੈ ਗਿਆ ਸੀ ਅਤੇ ਨਸ਼ਾ ਛੱਡਣ ਦਾ ਭਰੋਸਾ ਦਿੱਤਾ ਸੀ। ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਸੋਮਵਾਰ ਰਾਤ ਜਸਪ੍ਰੀਤ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਘਰ ਆਇਆ। ਇਸ ਤੋਂ ਬਾਅਦ ਉਸ ਨੇ ਹਰਪ੍ਰੀਤ ਨਾਲ ਕੁੱਟਮਾਰ ਕੀਤੀ ਅਤੇ ਗਲਾ ਘੁੱਟ ਦਿੱਤਾ।
ਥਾਣਾ ਸੁਧਾਰ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ’ਤੇ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
