ਗੁਰਪ੍ਰੀਤ ਸਿੰਘ :- ਪਟਿਆਲਾ ਦੀ ਭਾਖੜਾ ਨਹਿਰ ਵਿੱਚ ਦੋ ਸਕੀਆਂ ਨਾਬਾਲਗ ਭੈਣਾਂ ਵੱਲੋਂ ਛਾਲ ਮਾਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਮੌਜੂਦ ਰਾਹਗੀਰਾਂ ਦੀ ਮੁਸਤੈਦੀ ਸਦਕਾ ਇੱਕ ਲੜਕੀ ਨੂੰ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਦੂਜੀ ਲੜਕੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ।
ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਿੱਧੂਵਾਲ ਕਲੋਨੀ ਦੀਆਂ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ, ਜਿਨ੍ਹਾਂ ਦੀ ਉਮਰ ਲਗਭਗ 15 ਅਤੇ 17 ਸਾਲ ਹੈ, ਅਚਾਨਕ ਭਾਖੜਾ ਨਹਿਰ ਦੇ ਪੁਲ ’ਤੇ ਪਹੁੰਚੀਆਂ ਅਤੇ ਉਨ੍ਹਾਂ ਨਹਿਰ ਵਿੱਚ ਛਾਲ ਮਾਰ ਦਿੱਤੀ। ਆਸ-ਪਾਸੋਂ ਲੰਘ ਰਹੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਨਹਿਰ ’ਚ ਛਾਲ ਮਾਰਦੇ ਦੇਖਿਆ ਤਾਂ ਤੁਰੰਤ ਹਰਕਤ ਵਿੱਚ ਆਉਂਦਿਆਂ ਇੱਕ ਭੈਣ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢ ਲਿਆ। ਹਾਲਾਂਕਿ, ਤੇਜ਼ ਵਹਾਅ ਕਾਰਨ ਦੂਜੀ ਕੁੜੀ ਪਾਣੀ ਵਿੱਚ ਡੁੱਬ ਗਈ ਅਤੇ ਅੱਗੇ ਰੁੜ੍ਹ ਗਈ।
ਬਚਾਈ ਗਈ ਲੜਕੀ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਗੋਤਾਖੋਰਾਂ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਲਾਪਤਾ ਲੜਕੀ ਦੀ ਭਾਲ ਲਈ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਘਟਨਾ ਬਾਰੇ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਟੀਮ ਨੇ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੋਵਾਂ ਭੈਣਾਂ ਵੱਲੋਂ ਇਹ ਖ਼ੌਫ਼ਨਾਕ ਕਦਮ ਚੁੱਕਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
